ਕਿਸਾਨਾਂ ਲਈ ਲਾਹੇਵੰਦ ਖ਼ਬਰ ! ਸਰ੍ਹੋਂ ਦੀਆਂ ਆਹ ਕਿਸਮਾਂ ਦੀ ਕਾਸ਼ਤ ਕਰਕੇ ਕਿਸਾਨਾਂ ਨੂੰ ਹੋਵੇਗਾ ਚੋਖਾ ਮੁਨਾਫ਼ਾ, ਦੇਖੋ ਪੂਰੀ ਲਿਸਟ
ਕਿਸਾਨ ਭਰਾ ਸਰ੍ਹੋਂ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ। ਇਸਦੇ ਲਈ, ਇੱਕ ਸੁਧਰੀ ਕਿਸਮ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਅਕਤੂਬਰ ਦਾ ਮਹੀਨਾ ਸਰ੍ਹੋਂ ਦੀ ਕਾਸ਼ਤ ਲਈ ਸਭ ਤੋਂ ਵਧੀਆ ਮਹੀਨਾ ਮੰਨਿਆ ਜਾਂਦਾ ਹੈ। ਅਜਿਹੇ 'ਚ ਸਾਰੇ ਕਿਸਾਨ ਸਰ੍ਹੋਂ ਦੀ ਕਾਸ਼ਤ ਕਰਨ ਦੀ ਤਿਆਰੀ ਕਰ ਰਹੇ ਹਨ। ਸਰ੍ਹੋਂ ਦੀ ਫ਼ਸਲ ਹਾੜੀ ਦੀ ਇੱਕ ਪ੍ਰਮੁੱਖ ਤੇਲ ਬੀਜ ਫ਼ਸਲ ਹੈ। ਦੇਸ਼ ਦੀ ਆਰਥਿਕਤਾ ਵਿੱਚ ਇਸ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਕਿਉਂਕਿ ਸਰ੍ਹੋਂ ਦੀ ਖੇਤੀ ਕਿਸਾਨਾਂ ਲਈ ਬਹੁਤ ਹੀ ਹਰਮਨਪਿਆਰੀ ਤੇ ਲਾਹੇਵੰਦ ਖੇਤੀ ਹੈ ਕਿਉਂਕਿ ਇਸ ਫ਼ਸਲ ਨੂੰ ਉਗਾਉਣ ਲਈ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਪੈਂਦੀ।
ਸਰ੍ਹੋਂ ਦੀ ਫ਼ਸਲ ਘੱਟ ਖਰਚੇ 'ਤੇ ਆਸਾਨੀ ਨਾਲ ਉਗਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹਾੜੀ ਦਾ ਸੀਜ਼ਨ ਆਉਂਦੇ ਹੀ ਸਰ੍ਹੋਂ ਦੀ ਕਾਸ਼ਤ ਸ਼ੁਰੂ ਹੋ ਜਾਂਦੀ ਹੈ। ਅਗੇਤੀ ਸਰ੍ਹੋਂ ਦੀ ਕਿਸਮ ਦੀ ਬਿਜਾਈ ਸ਼ੁਰੂ ਤੋਂ ਅਕਤੂਬਰ ਮਹੀਨੇ ਦੇ ਦੂਜੇ ਪੰਦਰਵਾੜੇ ਤੱਕ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਸਰ੍ਹੋਂ ਦੀਆਂ ਪੰਜ ਪ੍ਰਸਿੱਧ ਕਿਸਮਾਂ ਵਿੱਚੋਂ ਕਿਸੇ ਇੱਕ ਨੂੰ ਅਪਣਾ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ।
ਇਹ ਨੇ ਸਰ੍ਹੋਂ ਦੀਆਂ ਪੰਜ ਸੁਧਰੀਆਂ ਕਿਸਮਾਂ
RH 725 ਕਿਸਮ: ਸਰ੍ਹੋਂ ਦੀ ਇਹ ਕਿਸਮ 136 ਤੋਂ 143 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀਆਂ ਫਲੀਆਂ ਲੰਬੀਆਂ ਹੁੰਦੀਆਂ ਹਨ ਅਤੇ ਫਲੀਆਂ ਵਿੱਚ ਦਾਣਿਆਂ ਦੀ ਗਿਣਤੀ 17 ਤੋਂ 18 ਤੱਕ ਹੁੰਦੀ ਹੈ।
ਪੂਸਾ ਬੋਲਡ ਕਿਸਮ: ਇਹ ਕਿਸਮ ਜ਼ਿਆਦਾਤਰ ਰਾਜਸਥਾਨ, ਗੁਜਰਾਤ, ਦਿੱਲੀ ਅਤੇ ਮਹਾਰਾਸ਼ਟਰ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸ ਦੀ ਫ਼ਸਲ ਲਗਭਗ 150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਉਤਪਾਦਨ ਸਮਰੱਥਾ 18 ਤੋਂ 20 ਕੁਇੰਟਲ ਪ੍ਰਤੀ ਹੈਕਟੇਅਰ ਹੈ।
ਰਾਜ ਵਿਜੇ ਸਰ੍ਹੋਂ-2: ਸਰ੍ਹੋਂ ਦੀ ਇਹ ਕਿਸਮ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ ਖੇਤਰਾਂ ਲਈ ਲਾਭਦਾਇਕ ਹੈ। ਫ਼ਸਲ 120 ਤੋਂ 130 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਰਿਪੋਰਟਾਂ ਅਨੁਸਾਰ ਅਕਤੂਬਰ ਵਿੱਚ ਇਸ ਕਿਸਮ ਦੀ ਬਿਜਾਈ ਕਰਨ ਨਾਲ 20 ਤੋਂ 25 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਮਿਲਦਾ ਹੈ।
RH 30 ਕਿਸਮ: ਇਹ ਸਰ੍ਹੋਂ ਦੀ ਕਿਸਮ ਹਰਿਆਣਾ, ਪੰਜਾਬ, ਪੱਛਮੀ ਰਾਜਸਥਾਨ ਖੇਤਰਾਂ ਲਈ ਸਭ ਤੋਂ ਵਧੀਆ ਹੈ। ਇਹ ਕਿਸਮ ਸਿੰਚਾਈ ਵਾਲੇ ਅਤੇ ਗ਼ੈਰ ਸਿੰਜਾਈ ਵਾਲੇ ਖੇਤਰਾਂ ਲਈ ਬਹੁਤ ਲਾਹੇਵੰਦ ਹੈ। ਇਹ ਕਿਸਮ ਪੱਕਣ ਲਈ 130 ਤੋਂ 135 ਦਿਨ ਲੈਂਦੀ ਹੈ। ਜੇਕਰ ਇਸ ਕਿਸਮ ਦੀ ਬਿਜਾਈ 15 ਤੋਂ 20 ਅਕਤੂਬਰ ਤੱਕ ਕੀਤੀ ਜਾਵੇ ਤਾਂ ਝਾੜ 16 ਤੋਂ 20 ਕੁਇੰਟਲ ਪ੍ਰਤੀ ਹੈਕਟੇਅਰ ਨਿਕਲ ਸਕਦਾ ਹੈ। ਇਸ ਵਿਚ ਤੇਲ ਦੀ ਮਾਤਰਾ ਲਗਭਗ 39 ਫੀਸਦੀ ਹੈ।
RH-761 ਕਿਸਮ: ਸਰ੍ਹੋਂ ਦੀ ਇਸ ਕਿਸਮ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਇਹ ਠੰਡ ਪ੍ਰਤੀ ਸਹਿਣਸ਼ੀਲ ਹੈ। ਇਹ ਕਿਸਮ 25-27 ਕੁਇੰਟਲ ਪ੍ਰਤੀ ਹੈਕਟੇਅਰ ਪੈਦਾਵਾਰ ਦਿੰਦੀ ਹੈ। ਇਸ ਵਿੱਚ 45 ਤੋਂ 55 ਦਿਨਾਂ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ। ਫ਼ਸਲ ਨੂੰ ਤਿਆਰ ਹੋਣ ਵਿੱਚ 136 ਤੋਂ 145 ਦਿਨ ਲੱਗਦੇ ਹਨ।