Mustard Farming: ਜਾਣੋ ਤੋਰੀਏ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ
ਤੋਰੀਏ ਦੀ ਫ਼ਸਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੈ ਕਿਉਂਕਿ ਤੋਰੀਏ ਦੀ ਫ਼ਸਲ ਹੀ ਸ਼ਹਿਦ ਦੀਆਂ ਮੱਖੀਆਂ ਲਈ ਬਰਸਾਤਾਂ ਤੋਂ ਬਾਅਦ ਸ਼ਹਿਦ ਦਾ ਇੱਕ ਪ੍ਰਮੁੱਖ ਸਰੋਤ ਹੈ।
ਚੰਡੀਗੜ੍ਹ: ਤੋਰੀਆ ਪੰਜਾਬ ਦੀ ਤੇਲ ਬੀਜ ਦੀ ਮੁੱਖ ਫ਼ਸਲ ਹੈ। ਤੋਰੀਏ ਦੀ ਫ਼ਸਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੈ ਕਿਉਂਕਿ ਤੋਰੀਏ ਦੀ ਫ਼ਸਲ ਹੀ ਸ਼ਹਿਦ ਦੀਆਂ ਮੱਖੀਆਂ ਲਈ ਬਰਸਾਤਾਂ ਤੋਂ ਬਾਅਦ ਸ਼ਹਿਦ ਦਾ ਇੱਕ ਪ੍ਰਮੁੱਖ ਸਰੋਤ ਹੈ। ਤੋਰੀਏ ਦੇ ਸ਼ਹਿਦ ਵਿੱਚ ਗਲੂਕੋਜ਼ ਦੀ ਮਾਤਰਾ ਵਧੇਰੇ ਹੋਣ ਕਾਰਨ ਸਰਦੀਆਂ ਵਿੱਚ ਸ਼ਹਿਦ ਜਲਦੀ ਜੰਮ ਜਾਂਦਾ ਹੈ। ਤੋਰੀਆ ਪ੍ਰਪਰਾਗਣ ਫ਼ਸਲ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ਇਸ ਦਾ ਝਾੜ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਅਗੇਤੇ ਝੋਨੇ ਅਤੇ ਸਾਉਣੀ ਦੇ ਚਾਰੇ ਦੀ ਕਟਾਈ ਤੋਂ ਬਾਅਦ ਤੋਰੀਏ ਦੀ ਵਾਧੂ ਫ਼ਸਲ ਲੈ ਕੇ ਕਣਕ ਦੀ ਕਾਸ਼ਤ ਵੀ ਸਫ਼ਲਤਾ ਨਾਲ ਕੀਤੀ ਜਾ ਸਕਦੀ ਹੈ। ਤੋਰੀਆ ਆਮ ਕਰਕੇ ਚੰਗੇ ਜਲ ਨਿਕਾਸ ਵਾਲੀਆਂ ਹਲਕੀਆਂ ਮੈਰਾ ਤੇ ਦਰਮਿਆਨੀਆਂ ਜ਼ਮੀਨਾਂ ਵਿੱਚ ਵਧੀਆ ਹੁੰਦਾ ਹੈ।
ਕਿਸਮਾਂ ਦੀ ਚੋਣ: ਪੀ.ਬੀ.ਟੀ. 37 ਕਿਸਮ 91 ਦਿਨਾਂ ਵਿੱਚ ਪੱਕ ਜਾਣ ਕਾਰਨ ਤੋਰੀਆ ਕਣਕ ਦੇ ਫ਼ਸਲੀ ਚੱਕਰ ਲਈ ਬਹੁਤ ਹੀ ਢੁਕਵੀਂ ਹੈ। ਇਸ ਦੀ ਔਸਤ ਪੈਦਾਵਾਰ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 ਫ਼ੀਸਦੀ ਹੁੰਦੀ ਹੈ। ਇਸ ਤੋਂ ਇਲਾਵਾ ਟੀ.ਐਲ. 17 ਕਿਸਮ ਅਗੇਤੀ ਪੱਕਣ ਕਾਰਨ ਤੋਰੀਆ ਕਣਕ ਦੇ ਫ਼ਸਲੀ ਚੱਕਰ ਲਈ ਬਹੁਤ ਹੀ ਢੁਕਵੀਂ ਹੈ। ਇਸ ਦੀ ਔਸਤ ਪੈਦਾਵਾਰ 5.2 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 42 ਫ਼ੀਸਦੀ ਹੁੰਦੀ ਹੈ।
ਬਿਜਾਈ ਦਾ ਸਮਾਂ: ਜੇ ਤੋਰੀਏ ਦੀ ਨਿਰੋਲ ਫ਼ਸਲ ਬੀਜਣੀ ਹੋਵੇ ਤਾਂ ਬਿਜਾਈ ਲਈ ਸਤੰਬਰ ਮਹੀਨੇ ਦਾ ਪਹਿਲਾ ਪੰਦੜਵਾੜਾ ਬਹੁਤ ਹੀ ਢੁਕਵਾਂ ਹੈ ਅਤੇ ਜੇ ਤੋਰੀਏ ਦੀ ਗੋਭੀ ਸਰ੍ਹੋਂ ਨਾਲ ਰਲਵੀਂ ਫ਼ਸਲ ਬੀਜਣੀ ਹੋਵੇ ਤਾਂ ਅੱਧ ਸਤੰਬਰ ਵਿੱਚ ਕਾਸ਼ਤ ਕਰਨੀ ਚਾਹੀਦੀ ਹੈ।
ਖੇਤ ਦੀ ਤਿਆਰੀ: ਤੋਰੀਏ ਦੇ ਚੰਗੇ ਜੰਮ ਲਈ ਖੇਤ ਦਾ ਤਰ ਵੱਤਰ ਹੋਣਾ ਬਹੁਤ ਜ਼ਰੂਰੀ ਹੈ ਪਰ ਬਹੁਤ ਜ਼ਿਆਦਾ ਵੱਤਰ ਵੀ ਤੋਰੀਏ ਦੇ ਜੰਮ ਲਈ ਚੰਗਾ ਨਹੀਂ ਹੁੰਦਾ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਜੇ ਤੋਰੀਏ ਦੀ ਨਿਰੋਲ ਬਿਜਾਈ ਕਰਨੀ ਹੋਵੇ ਤਾਂ 1.5 ਕਿਲੋ ਬੀਜ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਅਤੇ ਬਿਜਾਈ ਡਰਿੱਲ ਜਾਂ ਪੋਰੇ ਨਾਲ 30 ਸੈਂਟੀਮੀਟਰ ਵਿੱਥ ਦੀਆਂ ਲਾਈਨਾਂ ਵਿੱਚ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਤੋਂ 15 ਸੈਂਟੀਮੀਟਰ ਰੱਖੋ।
ਖਾਦਾਂ ਦੀ ਵਰਤੋਂ: ਜੇ ਤੋਰੀਆ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਸਤੰਬਰ ਦੇ ਅੱਧ ਤਕ ਬੀਜਣੇ ਹੋਣ ਤਾਂ 125 ਕਿਲੋ ਨਾਈਟਰੋਜਨ ਅਤੇ 75 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਉ। ਬਿਜਾਈ ਸਮੇਂ 50 ਕਿਲੋ ਯੂਰੀਆ ਅਤੇ ਸਾਰੀ ਫਾਸਫੋਰਸ ਡਰਿੱਲ ਕਰੋ ਬਾਕੀ ਦੀ 75 ਕਿਲੋ ਯੂਰੀਆ ਤੋਰੀਆ ਵੱਢ ਕੇ ਸਿੰਜਾਈ ਨਾਲ ਪਾਉ। ਫਾਸਫੋਰਸ ਤੱਤ ਦੀ ਪ੍ਰਾਪਤੀ ਲਈ ਇਕਹਿਰੀ ਸੁਪਰ ਫਾਸਫੇਟ ਖਾਦ ਨੂੰ ਪਹਿਲ ਦਿਓ। ਜੇ ਇਹ ਖਾਦ ਨਾ ਮਿਲੇ ਤਾਂ 50 ਕਿਲੋ ਜਿਪਸਮ ਪ੍ਰਤੀ ਏਕੜ ਪਾਓ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਯੂਰੀਆ ਅਤੇ ਸੁਪਰਫਾਸਫੇਟ ਖਾਦ ਬਿਜਾਈ ਸਮੇਂ ਪਾ ਦਿਓ।
ਤੋਰੀਆ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਦੀ ਬਿਜਾਈ: ਵਧੇਰੇ ਪੈਦਾਵਾਰ ਲੈਣ ਲਈ ਤੋਰੀਆ ਅਤੇ ਗੋਭੀ ਸਰ੍ਹੋਂ ਦੀ ਰਲਵੀਂ ਫ਼ਸਲ ਬੀਜੀ ਜਾ ਸਕਦੀ ਹੈ। ਇਨ੍ਹਾਂ ਦੀ ਬਿਜਾਈ ਸਤੰਬਰ ਦੇ ਅੱਧ ਵਿੱਚ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ (ਇੱਕ ਕਤਾਰ ਤੋਰੀਆ ਅਤੇ ਦੂਜੀ ਗੋਭੀ ਸਰ੍ਹੋਂ) ਵਿੱਚ ਕੀਤੀ ਜਾ ਸਕਦੀ ਹੈ ਜਾਂ ਤੋਰੀਏ ਦਾ ਛੱਟਾ ਦੇ ਕੇ ਗੋਭੀ ਸਰ੍ਹੋਂ ਨੂੰ 45 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਬੀਜੋ। ਦੋਵਾਂ ਫ਼ਸਲਾਂ ਦਾ ਇੱਕ-ਇੱਕ ਕਿਲੋ ਬੀਜ ਦੀ ਵਰਤੋਂ ਕਰੋ। ਇਸ ਤਰ੍ਹਾਂ ਕੀਤੀ ਬਿਜਾਈ ਨਾਲ ਤੋਰੀਆ ਦਸੰਬਰ ਦੇ ਅੱਧ ਵਿੱਚ ਵੱਢ ਲਿਆ ਜਾਂਦਾ ਹੈ ਅਤੇ ਗੋਭੀ ਸਰ੍ਹੋਂ ਆਖ਼ੀਰ ਮਾਰਚ ਤਕ ਖੇਤ ਵਿੱਚ ਰਹਿੰਦੀ ਹੈ। ਰਲਵੀ ਫ਼ਸਲ ਦਾ ਝਾੜ 12 ਕੁਇੰਟਲ (4 ਕੁਇੰਟਲ ਤੋਰੀਆ ਅਤੇ 8 ਕੁਇੰਟਲ ਗੋਭੀ ਸਰ੍ਹੋਂ) ਨਿਕਲ ਆਉਂਦਾ ਹੈ।
ਸਿੰਜਾਈ: ਤੋਰੀਏ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕਰੋ ਅਤੇ ਜ਼ਰੂਰਤ ਅਨੁਸਾਰ ਫੁੱਲ ਪੈਣ ਸਮੇਂ ਇੱਕ ਸਿੰਜਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: Coronavirus in Punjab: ਪੰਜਾਬ, ਚੰਡੀਗੜ੍ਹ 'ਚ ਮੁੜ ਪੈਰ ਪਸਾਰਨ ਲੱਗਿਆ ਕੋਰੋਨਾ, ਸਾਹਮਣੇ ਆਏ ਨਵੇਂ ਮਾਮਲੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin