ਪੂਸਾ ਨੂੰ ਮਾਤ ਪਾਏਗੀ ਪੰਜਾਬ ਬਾਸਮਤੀ, ਝਾੜ ਜਾਣ ਕੇ ਹੋ ਜਾਓਗੇ ਹੈਰਾਨ
ਭਾਰਤੀ ਬਾਸਮਤੀ ਦੀ ਵਿਦੇਸ਼ ਵਿੱਚ ਤੇਜ਼ੀ ਨਾਲ ਮੰਗ ਵਧ ਰਹੀ ਹੈ। ਇਸੇ ਲਈ ਕਿਸਾਨਾਂ ਦਾ ਰੁਝਾਨ ਵੀ ਇਸ ਪਾਸੇ ਵਧਿਆ ਹੈ। ਇਹ ਵੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਵਿਗਿਆਨੀਆਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਬਾਸਮਤੀ ਦੀ ਨਵੀਂ ਕਿਸਮ ਤਿਆਰ ਕੀਤੀ ਹੈ।
ਚੰਡੀਗੜ੍ਹ: ਭਾਰਤੀ ਬਾਸਮਤੀ ਦੀ ਵਿਦੇਸ਼ ਵਿੱਚ ਤੇਜ਼ੀ ਨਾਲ ਮੰਗ ਵਧ ਰਹੀ ਹੈ। ਇਸੇ ਲਈ ਕਿਸਾਨਾਂ ਦਾ ਰੁਝਾਨ ਵੀ ਇਸ ਪਾਸੇ ਵਧਿਆ ਹੈ। ਇਹ ਵੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਦੇ ਵਿਗਿਆਨੀਆਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਬਾਸਮਤੀ ਦੀ ਨਵੀਂ ਕਿਸਮ ਤਿਆਰ ਕੀਤੀ ਹੈ। ਇਹ ਪੈਦਾਵਾਰ, ਖ਼ੁਸ਼ਬੂ ਤੇ ਫ਼ਸਲੀ ਰੋਗਾਂ ਨਾਲ ਲੜਨ ਵਿੱਚ ਦੂਜੀਆਂ ਕਿਸਮਾਂ ਤੋਂ ਬਿਹਤਰ ਹੈ। ਇਸ ਕਿਸਮ ਨੂੰ ‘ਪੰਜਾਬ ਬਾਸਮਤੀ ਸੱਤ’ ਦਾ ਨਾਂ ਦਿੱਤਾ ਗਿਆ ਹੈ।
PAU ਦੇ ਪਲਾਂਟ ਬ੍ਰੀਡਿੰਗ ਐਂਡ ਜੀਨੈਟਿਕਸ ਵਿਭਾਗ ਦੇ ਵਿਗਿਆਨੀਆਂ ਨੇ 12 ਸਾਲਾਂ ਦੀ ਖੋਜ ਤੋਂ ਬਾਅਦ ਤਿੰਨ ਵੱਖੋ-ਵੱਖਰੀਆਂ ਕਿਸਮਾਂ ਦੇ ਮੇਲ ਨਾਲ ਇਸ ਨੂੰ ਤਿਆਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਕਿਸਮ ਰਵਾਇਤੀ ਬਾਸਮਤੀ 386, ਦੂਜੀ ਪੂਸਾ ਬਾਸਮਤੀ-1121 ਤੇ ਤੀਜੀ ਪੂਸਾ ਬਾਸਮਤੀ-1718 ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਇਹ ਕਿਸਮ ਦੇਸ਼ ’ਚ ਸਭ ਤੋਂ ਵੱਧ ਲਾਈ ਜਾਣ ਵਾਲੀ ਪੂਸਾ ਬਾਸਮਤੀ-1121 ਦਾ ਵਿਕਲਪ ਬਣ ਬਣ ਕੇ ਬਰਾਮਦ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਰਾਈਸ ਬ੍ਰੀਡਰ ਡਾ. ਆਰਐਸ ਗਿੱਲ ਨੇ ਦੱਸਿਆ ਕਿ ਉਪਜ ਦੇ ਮਾਮਲੇ ’ਚ ‘ਪੰਜਾਬ ਬਾਸਮਤੀ-ਸੱਤ’ ਦੂਜੀਆਂ ਕਿਸਮਾਂ ਤੋਂ ਅੱਗੇ ਹਨ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਪ੍ਰਤੀ ਏਕੜ ਔਸਤ ਪੈਦਾਵਾਰ 19 ਕੁਇੰਟਲ ਹੈ; ਜਦ ਕਿ ਪੂਸਾ ਬਾਸਮਤੀ-1121 ਤੇ 1718 ਦੀ ਪੈਦਾਵਾਰ ਪ੍ਰਤੀ ਏਕੜ 17 ਕੁਇੰਟਲ ਹੈ।
‘ਪੰਜਾਬ ਬਾਸਮਤੀ-7’ ਦੀ ਫ਼ਸਲ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ; ਜਦ ਕਿ ਦੂਜੀਆਂ ਕਿਸਮਾਂ ਨੂੰ 107 ਦਿਨ ਲੱਗਦੇ ਹਨ। ਇੰਝ ਕਿਸਾਨਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਇਸ ਦਾ ਕੱਦ ਛੋਟਾ ਹੈ, ਜਿਸ ਕਾਰਣ ਪਰਾਲ਼ੀ ਘੱਟ ਹੁੰਦੀ ਹੈ। ਇਹ ਝੁਲਸ ਰੋਗ ਦਾ ਵੀ ਸਾਹਮਣਾ ਕਰਨ ਦੇ ਸਮਰੱਥ ਹੈ।