(Source: ECI/ABP News/ABP Majha)
Punjab Weather Forecast: ਪੰਜਾਬ 'ਚ ਗਰਮੀ ਨੇ ਤੋੜਿਆ ਪੰਜ ਸਾਲ ਦਾ ਰਿਕਾਰਡ, ਪਾਰਾ 42 ਡਿਗਰੀ ਤੋਂ ਪਾਰ, ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
Punjab Weather Update: ਮੌਸਮ ਵਿਭਾਗ ਤੋਂ ਹਾਸਲ ਅੰਕੜਿਆਂ ਦੀ ਗੱਲ ਕਰੀਏ ਤਾਂ 2017 ਵਿੱਚ ਅੰਮ੍ਰਿਤਸਰ ਦਾ ਤਾਪਮਾਨ 43.6 ਡਿਗਰੀ ਤੱਕ ਪਹੁੰਚ ਗਿਆ ਸੀ। ਇੰਨਾ ਹੀ ਨਹੀਂ 1979 'ਚ ਅਪ੍ਰੈਲ ਮਹੀਨੇ 'ਚ ਸਭ ਤੋਂ ਵੱਧ ਤਾਪਮਾਨ 44.1 ਡਿਗਰੀ ਦਰਜ ਕੀਤਾ ਗਿਆ ਸੀ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Punjab Weather Update: ਇਸ ਸਮੇਂ ਦੇਸ਼ 'ਚ ਗਰਮੀ ਦਾ ਕਹਿਰ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ 'ਚ ਪਾਰਾ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕੋਲੇ ਦੀ ਘਾਟ ਕਰਕੇ ਲੱਗ ਰਹੇ ਲੰਬੇ ਲੰਬੇ ਬਿਜਲੀ ਕੱਟਾਂ (Power Cut Punjab) ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ 'ਚ ਕਾਫੀ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਜੇਕਰ ਪੰਜਾਬ (Heat Wave in Punjab) ਸੂਬੇ ਦੀ ਗੱਲ ਕਰੀਏ ਤਾਂ ਇੱਥੇ ਵੀ ਗਰਮੀ ਦਾ ਕਹਿਰ ਜਾਰੀ ਹੈ ਤੇ ਆਉਣ ਵਾਲੇ ਕੁਝ ਦਿਨ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਗਰਮੀ ਨੇ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਸੂਬੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਦਿਨੀਂ ਹਲਕੀ ਬਾਰਸ਼ ਤੋਂ ਕੁਝ ਰਾਹਤ ਮਿਲੀ ਸੀ ਪਰ ਹੁਣ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇੱਕ ਹੀ ਦਿਨ ਵਿੱਚ ਸ਼ਹਿਰ ਦੇ ਤਾਪਮਾਨ ਵਿੱਚ ਦੋ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਗਰਮੀ ਨੇ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਵੱਧ ਸੀ। ਵੀਰਵਾਰ ਨੂੰ ਤਾਪਮਾਨ 42 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ। ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਦੁਪਹਿਰ ਵੇਲੇ ਬੇਵਜ੍ਹਾ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।
ਮੌਸਮ ਵਿਭਾਗ ਤੋਂ ਹਾਸਲ ਅੰਕੜਿਆਂ ਦੀ ਗੱਲ ਕਰੀਏ ਤਾਂ 2017 ਵਿੱਚ ਅੰਮ੍ਰਿਤਸਰ ਦਾ ਤਾਪਮਾਨ 43.6 ਡਿਗਰੀ ਤੱਕ ਪਹੁੰਚ ਗਿਆ ਸੀ। ਇੰਨਾ ਹੀ ਨਹੀਂ 1979 'ਚ ਅਪ੍ਰੈਲ ਮਹੀਨੇ 'ਚ ਸਭ ਤੋਂ ਵੱਧ ਤਾਪਮਾਨ 44.1 ਡਿਗਰੀ ਦਰਜ ਕੀਤਾ ਗਿਆ ਸੀ। ਜੇਕਰ ਗਰਮੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ 'ਚ ਤਾਪਮਾਨ ਸਾਰੇ ਰਿਕਾਰਡ ਤੋੜ ਸਕਦਾ ਹੈ।
ਹੁਣ ਜਾਣੋ ਵੱਡੇ ਜ਼ਿਲ੍ਹਿਆਂ ਦੇ ਮੌਸਮ ਦਾ ਹਾਲ
ਅੰਮ੍ਰਿਤਸਰ: ਬੁੱਧਵਾਰ ਨੂੰ ਸਭ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਤੋਂ ਪਾਰ ਜਾ ਸਕਦਾ ਹੈ। ਪੂਰਾ ਦਿਨ ਧੁੱਪ ਰਹਿਣ ਦੀ ਉਮੀਦ ਹੈ।
ਜਲੰਧਰ: ਬੁੱਧਵਾਰ ਨੂੰ ਸਭ ਤੋਂ ਵੱਧ ਤਾਪਮਾਨ 41.2 ਡਿਗਰੀ ਦਰਜ ਕੀਤਾ ਗਿਆ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਨੂੰ ਪਾਰ ਕਰ ਸਕਦਾ ਹੈ। ਸਾਰਾ ਦਿਨ ਧੁੱਪ ਰਹੇਗੀ।
ਲੁਧਿਆਣਾ: ਬੁੱਧਵਾਰ ਨੂੰ ਸਭ ਤੋਂ ਵੱਧ ਤਾਪਮਾਨ 41.4 ਡਿਗਰੀ ਦਰਜ ਕੀਤਾ ਗਿਆ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਨੂੰ ਪਾਰ ਕਰ ਜਾਵੇਗਾ ਅਤੇ ਕੜਕਦੀ ਧੁੱਪ ਹੋਵੇਗੀ।
ਪਟਿਆਲਾ: ਬੁੱਧਵਾਰ ਨੂੰ ਸਭ ਤੋਂ ਵੱਧ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ। ਵੀਰਵਾਰ ਨੂੰ ਵੀ ਇਹ 42 ਡਿਗਰੀ ਤੋਂ ਪਾਰ ਚਲਾ ਜਾਵੇਗਾ। ਸਾਰਾ ਦਿਨ ਧੁੱਪ ਰਹੇਗੀ।
ਇਹ ਵੀ ਪੜ੍ਹੋ: Watch: ਕੱਛ 'ਚ ਤੇਜ਼ ਗਰਮੀ ਕਾਰਨ ਬਜ਼ੁਰਗ ਔਰਤ ਬੇਹੋਸ਼, ਮਹਿਲਾ ਪੁਲਿਸ ਮੁਲਾਜ਼ਮ ਨੇ ਕੀਤੀ ਮਦਦ