ਮੌਸਮ ਦਾ ਹਾਲ: ਅੱਜ ਵੀ ਜਾਰੀ ਰਹੇਗਾ ਮੀਂਹ, ਭਾਰੀ ਬਾਰਸ਼ ਕਾਰਨ ਹੁਣ ਤੱਕ 16 ਦੀ ਮੌਤ
ਸੋਮਵਾਰ ਨੂੰ ਦੇਸ਼ ਭਰ ਵਿੱਚ ਬਾਰਸ਼ ਨਾਲ ਸਬੰਧਤ ਘਟਨਾਵਾਂ ਵਿੱਚ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਅਤੇ ਚਾਰ ਹੋਰ ਦੇ ਡੁੱਬਣ ਦਾ ਖ਼ਦਸ਼ਾ ਹੈ।
ਚੰਡੀਗੜ੍ਹ: ਸੋਮਵਾਰ ਨੂੰ ਦੇਸ਼ ਭਰ ਵਿੱਚ ਬਾਰਸ਼ ਨਾਲ ਸਬੰਧਤ ਘਟਨਾਵਾਂ ਵਿੱਚ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਅਤੇ ਚਾਰ ਹੋਰ ਦੇ ਡੁੱਬਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਬਾਰਸ਼ ਹੋਣ ਦੀ ਪੇਸ਼ਨਗੋਈ ਕੀਤੀ ਹੈ।
ਪੱਛਮੀ ਹਿਮਾਲਿਆਈ ਖੇਤਰ ਅਤੇ ਉੱਤਰ ਪ੍ਰਦੇਸ਼ ਵਿੱਚ ਅੱਜ ਵੀ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਮੁਤਾਬਿਕ ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਉੱਤਰ ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਪੰਜਾਬ
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਬਾਰਸ਼ ਹੋਈ, ਜਿੱਥੇ ਵੱਧ ਤੋਂ ਵੱਧ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 6 ਡਿਗਰੀ ਘੱਟ ਹੈ। ਪੰਜਾਬ, ਲੁਧਿਆਣਾ ਅਤੇ ਪਟਿਆਲੇ, ਜਿਥੇ ਬਾਰਸ਼ ਹੋਈ, ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ ਸੈਲਸੀਅਸ ਅਤੇ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 31.6 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਤਿੰਨ ਡਿਗਰੀ ਘੱਟ ਹੈ, ਜਦੋਂ ਕਿ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਭ ਤੋਂ ਭੈੜੀ ਸਥਿਤੀ ਮੁੰਬਈ ਅਤੇ ਦਿੱਲੀ ਦੀ ਹੈ। ਵੱਖ-ਵੱਖ ਥਾਵਾਂ 'ਤੇ ਪਾਣੀ ਭਰਨ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਦਿੱਲੀ-ਐਨ.ਸੀ.ਆਰ.
ਇੱਕ 27 ਸਾਲਾ ਵਿਅਕਤੀ ਦਿੱਲੀ ਵਿੱਚ ਪਾਣੀ ਨਾਲ ਭਰੇ ਰੇਲਵੇ ਅੰਡਰਪਾਸ ਦੀ ਵੀਡੀਓ ਬਣਾਉਣ ਵੇਲੇ ਡੁੱਬ ਗਿਆ। ਗੁਰੂਗ੍ਰਾਮ ਵਿੱਚ ਇੱਕ ਪਾਣੀ ਨਾਲ ਭਰੇ ਅੰਡਰਪਾਸ ਤੋਂ ਇੱਕ ਲਾਸ਼ ਮਿਲੀ। ਇਸ ਤੋਂ ਇਲਾਵਾ, ਇਕ ਦਿਨ ਪਹਿਲਾਂ ਭਾਰੀ ਬਾਰਸ਼ ਤੋਂ ਬਾਅਦ ਗੁਰੂਗ੍ਰਾਮ ਵਿਚ ਢਹਿ ਗਏ ਮਕਾਨ ਦੇ ਮਲਬੇ ਹੇਠੋਂ ਦੋ ਲਾਸ਼ਾਂ ਬਾਹਰ ਕੱਢੀਆਂ ਗਈਆਂ ਸਨ।
ਹਰਿਆਣਾ
ਹਰਿਆਣਾ ਵਿੱਚ ਰਾਜ ਦੇ ਬਹੁਤੇ ਥਾਵਾਂ ਤੇ ਭਾਰੀ ਬਾਰਸ਼, ਸੜਕਾਂ ਅਤੇ ਗਲੀਆਂ ਵਿੱਚ ਹੜ੍ਹਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਗੁਰੂਗ੍ਰਾਮ, ਝੱਜਰ, ਬਹਾਦੁਰਗੜ, ਕੈਥਲ, ਫਰੀਦਾਬਾਦ, ਰੇਵਾੜੀ, ਸੋਨੀਪਤ, ਅੰਬਾਲਾ, ਭਿਵਾਨੀ, ਪਲਵਾਲ, ਫਤਿਹਾਬਾਦ, ਰੋਹਤਕ ਅਤੇ ਪੰਚਕੁਲਾ ਵਿੱਚ ਬਾਰਸ਼ ਦਰਜ ਕੀਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :