Carrot Plants : ਗਾਜਰਾਂ ਦੀ ਬਿਜਾਈ ਕਦੋਂ ਤੇ ਕਿਵੇਂ ਕਰਨੀ ਚਾਹੀਦੀ ਹੈ, ਜਾਣੋ ਸਹੀ ਸਮਾਂ ਤੇ ਢੰਗ
farming ਕਿਸਾਨਾਂ ਲਈ ਆਉਣ ਵਾਲਾ ਸਤੰਬਰ ਦਾ ਮਹੀਨਾ ਗਾਜਰਾਂ ਦੀ ਬਿਜਾਈ ਲਈ ਸਹੀ ਰਹੇਗਾ।ਗਾਜਰਾਂ ਤੋਂ ਕਿਸਾਨ ਚੰਗਾ ਮੁਨਾਫਾ ਕਮਾ ਸਕਦੇ ਹਨ। ਗਾਜਰਾਂ ਦੀ ਵਰਤੋਂ ਸਲਾਦ ਅਤੇ ਸਬਜ਼ੀ ਦੋਵਾਂ ਢੰਗਾਂ ਨਾਲ ਕੀਤੀ ਜਾਂਦੀ ਹੈ। ਇਸ ਵਿਚ ਭਰਪੂਰ
ਕਿਸਾਨਾਂ ਲਈ ਆਉਣ ਵਾਲਾ ਸਤੰਬਰ ਦਾ ਮਹੀਨਾ ਗਾਜਰਾਂ ਦੀ ਬਿਜਾਈ ਲਈ ਸਹੀ ਰਹੇਗਾ।ਗਾਜਰਾਂ ਤੋਂ ਕਿਸਾਨ ਚੰਗਾ ਮੁਨਾਫਾ ਕਮਾ ਸਕਦੇ ਹਨ। ਗਾਜਰਾਂ ਦੀ ਵਰਤੋਂ ਸਲਾਦ ਅਤੇ ਸਬਜ਼ੀ ਦੋਵਾਂ ਢੰਗਾਂ ਨਾਲ ਕੀਤੀ ਜਾਂਦੀ ਹੈ। ਇਸ ਵਿਚ ਭਰਪੂਰ ਮਾਤਰਾ 'ਚ ਐਟੀਂਆਕਸੀਡੈਂਟਸ ਤੇ ਖ਼ੁਰਾਕੀ ਤੱਤ ਹੁੰਦੇ ਹਨ।
ਬਿਜਾਈ - ਗਾਜਰ ਦੀਆਂ ਦੇਸੀ ਕਿਸਮਾਂ ਦੀ ਬਿਜਾਈ ਲਈ ਸਤੰਬਰ ਮਹੀਨਾ ਢੁੱਕਵਾਂ ਹੈ। ਅੰਗਰੇਜ਼ੀ ਕਿਸਮਾਂ ਦੀ ਬਿਜਾਈ ਅਕਤੂਬਰ-ਨਵੰਬਰ 'ਚ ਕੀਤੀ ਜਾਂਦੀ ਹੈ। ਬਿਜਾਈ ਲਈ 4-5 ਕਿੱਲੋ ਪ੍ਰਤੀ ਏਕੜ ਲਈ ਬੀਜ ਕਾਫੀ ਹੈ। ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਤੇ ਬੂਟਿਆਂ ਦਾ ਫਾਸਲਾ 7.5 ਸੈਂਟੀਮੀਟਰ ਰੱਖੋ । ਗਾਜਰਾਂ ਦੀ ਫ਼ਸਲ ਵਾਸਤੇ ਇਕ ਏਕੜ ਪਿੱਛੇ 15 ਟਨ ਗਲੀ ਸੜੀ ਰੂੜੀ ਪਾ ਕੇ ਚੰਗੀ ਤਰ੍ਹਾਂ ਮਿੱਟੀ 'ਚ ਮਿਲਾ ਦੇਵੋ। ਇਸ ਤੋਂ ਇਲਾਵਾ 25 ਕਿੱਲੋ ਨਾਈਟਰੋਜਨ, 12 ਕਿੱਲੋ ਫਾਸਫੋਰਸ ਤੇ 30 ਕਿੱਲੋ ਪੋਟਾਸ਼ ਪ੍ਰਤੀ ਏਕੜ ਪਾਓ। ਗਾਜਰਾਂ ਦਾ ਵਧੀਆ ਰੰਗ ਬਣਾਉਣ ਲਈ ਪੋਟਾਸ਼ ਤੱਤ ਪਾਉਣਾ ਬੇਹੱਦ ਜ਼ਰੂਰੀ ਹੈ।
ਪਾਣੀ - ਬਿਜਾਈ ਤੋਂ ਫੌਰਨ ਬਾਅਦ ਪਹਿਲਾ ਪਾਣੀ ਲਗਾਓ। ਗਾਜਰਾਂ ਦੀ ਫ਼ਸਲ ਨੂੰ ਵੱਧ ਤੋਂ ਵੱਧ 3-4 ਪਾਣੀਆਂ ਦੀ ਲੋੜ ਹੁੰਦੀ ਹੈ। ਫ਼ਸਲ ਨੂੰ ਜ਼ਿਆਦਾ ਪਾਣੀ ਦੇਣ ਤੋਂ ਸੰਕੋਚ ਕਰੋ ਨਹੀਂ ਤਾਂ ਗਾਜਰਾਂ ਦਾ ਆਕਾਰ ਵਿਗੜ ਜਾਂਦਾ ਹੈ। ਇਸ ਤੋਂ ਇਲਾਵਾ ਗਾਜਰਾਂ ਦਾ ਰੰਗ ਵੀ ਨਹੀਂ ਬਣਦਾ ਤੇ ਪੱਤੇ ਵੀ ਜ਼ਿਆਦਾ ਆ ਜਾਂਦੇ ਹਨ।
ਨਦੀਨਾਂ ਦੀ ਰੋਕਥਾਮ - ਗਾਜਰਾਂ ਦੀ ਫ਼ਸਲ ਸ਼ੁਰੂ 'ਚ ਹੌਲੀ-ਹੌਲੀ ਵਧਦੀ ਹੈ, ਜਿਸ ਕਰਕੇ ਸ਼ੁਰੂ ਵਿਚ ਨਦੀਨਾਂ ਦੀ ਸਮੱਸਿਆ ਬਹੁਤ ਆ ਜਾਂਦੀ ਹੈ। ਨਦੀਨਾਂ ਦੀ ਰੋਕਥਾਮ ਲਈ ਫ਼ਸਲ ਦੀ ਸਮੇਂ ਸਿਰ ਗੋਡੀ ਕਰਦੇ ਰਹੋ ਤਾਂ ਕਿ ਉਸ ਵਿਚ ਹਵਾ ਦਾ ਸੰਚਾਰ ਹੁੰਦਾ ਰਹੇ। ਜੇਕਰ ਗਾਜਰ ਦਾ ਉਤਲਾ ਹਿੱਸਾ ਸੂਰਜ ਦੀ ਰੌਸ਼ਨੀ ਦੇ ਸੰਪਰਕ 'ਚ ਆ ਜਾਂਦਾ ਹੈ ਤਾਂ ਉਹ ਹਰਾ ਹੋ ਜਾਂਦਾ ਹੈ ਅਤੇ ਗਾਜਰਾਂ ਦੀ ਕੁਆਲਿਟੀ ਖ਼ਰਾਬ ਹੋ ਜਾਂਦੀ ਹੈ।
ਪੁਟਾਈ - ਕਿਸਮ ਅਨੁਸਾਰ ਗਾਜਰਾਂ 85 ਤੋਂ 100 ਦਿਨਾਂ ਵਿਚ ਪੁਟਾਈ ਦੇ ਯੋਗ ਹੋ ਜਾਂਦੀਆਂ ਹਨ। ਗਾਜਰਾਂ ਗੂੜ੍ਹੇ ਲਾਲ ਰੰਗ ਦੀਆਂ ਤੇ ਆਕਾਰ ਪੱਖੋਂ ਮੰਡੀਕਰਨ ਦੇ ਯੋਗ ਹੋਣ ਤਾਂ ਪੁੱਟੀਆਂ ਜਾ ਸਕਦੀਆਂ ਹਨ। ਲੇਬਰ ਨਾਲ ਪੁਟਾਈ ਤੇ ਚੁਗਾਈ ਦਾ ਖ਼ਰਚਾ ਜ਼ਿਆਦਾ ਹੁੰਦਾ ਹੈ, ਜਿਸ ਕਰਕੇ ਵੱਡੇ ਪੱਧਰ 'ਤੇ ਮਸ਼ੀਨ ਦੀ ਵਰਤੋਂ ਕਰੋ।
ਉੱਨਤ ਕਿਸਮਾਂ - ਗਾਜਰਾਂ ਦੀਆਂ ਪੀਸੀ-161, ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ ਅਤੇ ਪੀਸੀ-34 ਕਿਸਮਾਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਹੈ।
ਗਾਜਰਾਂ ਦਾ ਪਾਟਣਾ - ਗਾਜਰਾਂ ਪਾਟਣ ਦੀ ਸਮੱਸਿਆ ਕਈ ਕਾਰਨਾਂ ਕਰਕੇ ਆਉਂਦੀਂ ਹੈ, ਜਿਵੇਂ ਕਿ ਬ੍ਹੂਟਿਆਂ ਵਿਚ ਜ਼ਿਆਦਾ ਫ਼ਾਸਲਾ, ਅਗੇਤੀ ਬਿਜਾਈ ਅਤੇ ਪੁਟਾਈ ਦੇਰੀ ਨਾਲ ਕਰਨੀ ਆਦਿ। ਇਸ ਨੂੰ ਰੋਕਣ ਲਈ ਖੇਤ ਵਿਚ ਇਕਸਾਰ ਨਮੀ ਦਾ ਰਹਿਣਾ, ਸਮੇਂ ਸਿਰ ਬਿਜਾਈ ਅਤੇ ਪੁਟਾਈ ਕਰਨੀ ਬਹੁਤ ਜ਼ਰੂਰੀ ਹੈ।