Viral Video: ਘਰ ਦੇ ਕੰਮ ਛੱਡ ਕੇ ਅਪਣਾਇਆ ਇਹ ਧੰਦਾ, ਹਰ ਪਾਸੇ ਚਰਚਾ ਹੈ ਇਸ ਔਰਤ ਦੀ
Women business - ਹੋਰ ਖੇਤਰਾਂ ਦੇ ਨਾਲ-ਨਾਲ ਖੇਤੀ ਦੇ ਖੇਤਰ ’ਚ ਵੀ ਔਰਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਾਮਯਾਬੀ ਹਾਸਲ ਕਰ ਲਈ ਹੈ। ਅਜਿਹੀ ਹੀ ਉੱਦਮੀ ਅਤੇ ਹਿੰਮਤੀ ਕਿਸਾਨ ਔਰਤ
News Desk - ਔਰਤਾਂ ਵੀ ਘਰ ਦੇ ਕੰਮਾਂ ਦੇ ਨਾਲ ਨਾਲ ਕਈ ਸਹਾਇਕ ਧੰਦੇ ਕਰ ਰਹੀਆਂ ਹਨ।ਔਰਤਾਂ ਕੱਪੜੇ ਸਿਉਣ , ਆਚਾਰ ਬਣਾਉਣ ਤੋਂ ਇਲਾਵਾ ਖੇਤੀ ਵਿੱਚ ਵੀ ਦਿਲਚਸਪੀ ਲੈ ਰਹੀਆਂ ਹਨ। ਹੋਰ ਖੇਤਰਾਂ ਦੇ ਨਾਲ-ਨਾਲ ਖੇਤੀ ਦੇ ਖੇਤਰ ’ਚ ਵੀ ਔਰਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਾਮਯਾਬੀ ਹਾਸਲ ਕਰ ਲਈ ਹੈ। ਅਜਿਹੀ ਹੀ ਉੱਦਮੀ ਅਤੇ ਹਿੰਮਤੀ ਕਿਸਾਨ ਔਰਤ ਸੰਗਰੂਰ ਜ਼ਿਲ੍ਹੇ ਦੇ ਬਲਾਕ ਸੁਨਾਮ ’ਚ ਪੈਂਦੇ ਪਿੰਡ ਚੱਠਾ ਨਨਹੇੜਾ ਦੀ ਰਹਿਣ ਵਾਲੀ ਰਜਿੰਦਰ ਕੌਰ ਹੈ।
ਰਜਿੰਦਰ ਕੌਰ ਆਪਣੇ ਪੇਕਿਆਂ ਤੋਂ ਵਿਰਾਸਤੀ ਖੇਤੀ ਦੀ ਜਾਣਕਾਰੀ ਅਤੇ ਤਜਰਬਾ ਲੈ ਕੇ ਸਹੁਰਿਆਂ ਦੀ ਹਿੱਸੇ ਆਈ ਢਾਈ ਏਕੜ ਜ਼ਮੀਨ ’ਚ ਪੂਰੀ ਕਾਮਯਾਬੀ ਨਾਲ ਫ਼ਸਲਾਂ ਦੀ ਕਾਸ਼ਤ ਕਰ ਰਹੀ ਹੈ। ਸ਼ੁਰੂਆਤ ’ਚ ਕਣਕ-ਝੋਨੇ ਦੀ ਰਵਾਇਤੀ ਖੇਤੀ ਕਰ ਕੇ ਆਪਣੇ ਘਰ ਦੇ ਖ਼ਰਚੇ ਕੱਢੇ ਜਾਂਦੇ ਸੀ ਪਰ ਉਸ ਨੇ ਖੇਤੀ ਦੇ ਨਾਲ-ਨਾਲ ਕੁਝ ਵਿਲੱਖਣ ਕਰਨ ਦਾ ਮਨ ਬਣਾਇਆ। ਉਸ ਨੇ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕੱਪੜੇ ਧੋਣ ਵਾਲੇ ਸਰਫ਼ ਨੂੰ ਬਣਾਉਣ ਦੀ ਸਿਖਲਾਈ ਲਈ ਅਤੇ ਕੰਮ ਸ਼ੁਰੂ ਕਰ ਦਿੱਤਾ। ਉਸ ਦਾ ਇਹ ਕੰਮ ਵਧੀਆ ਚੱਲ ਤਾਂ ਪਿਆ ਪਰ ਇਸ ਕੰਮ ’ਚ ਦਿੱਕਤ ਇਹ ਸੀ ਕਿ ਇਸ ਕੰਮ ’ਚ ਵਰਤਿਆ ਜਾਂਦਾ ਰਸਾਇਣ ਜ਼ਮੀਨ ’ਚ ਜਾ ਕੇ ਉਸ ਨੂੰ ਖ਼ਰਾਬ ਕਰਨ ਲੱਗਾ। ਇਸ ਗੱਲ ’ਤੇ ਉਸ ਨੇ ਬਹੁਤ ਹੀ ਗੰਭੀਰਤਾ ਨਾਲ ਸੋਚ ਵਿਚਾਰ ਕੀਤਾ ਤੇ ਨਤੀਜੇ ਵਜੋਂ ਸਰਫ਼ ਪਾਊਡਰ ਬਣਾਉਣ ਦੇ ਕੰਮ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਅਤੇ ਆਪਣੀ ਜ਼ਮੀਨ ਦੀ ਸਿਹਤ ਵੱਲ ਪੂਰਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਆਪਣੀ ਸਾਰੀ ਖੇਤੀ ਨੂੰ ਪੂਰੀ ਤਰ੍ਹਾਂ ਜੈਵਿਕ ਕਰ ਲਿਆ।
ਇਸਤੋਂ ਬਾਅਦ ਰਜਿੰਦਰ ਕੌਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਆਚਾਰ ਚਟਣੀਆਂ ਆਦਿ ਬਣਾਉਣ ਦੀ ਸਿਖਲਾਈ ਲੈ ਲਈ ਅਤੇ ਇਸ ਮੁਤਾਬਕ ਆਪਣਾ ਕੰਮ ਸ਼ੁਰੂ ਕੀਤਾ। ਉਸ ਨੇ ਕਣਕ-ਝੋਨੇ ਦੇ ਨਾਲ-ਨਾਲ ਆਪਣੇ ਖੇਤਾਂ ’ਚ ਹਲਦੀ, ਦਾਲਾਂ, ਲਸਣ, ਹਰੀਆਂ ਮਿਰਚਾਂ, ਨਿੰਬੂ ਆਦਿ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਕੁਦਰਤੀ ਸੁਆਦਾਂ ਨੂੰ ਪੂਰਦੇ ਮਸਾਲੇ ਵੀ ਬਣਾਏ ਤੇ ਇਨ੍ਹਾਂ ਮਸਾਲਿਆਂ ’ਚ ਵਰਤੀਆਂ ਜਾਂਦੀਆਂ ਜਿਣਸਾਂ ਨੂੰ ਵੀ ਆਪਣੇ ਹੀ ਖੇਤਾਂ ’ਚ ਉਗਾਇਆ ਜਿਵੇਂ ਨਿਆਜ਼ਪੋਜ਼, ਪੁਦੀਨਾ, ਸੁਹੰਜਣਾ ਆਦਿ। ਉਸ ਨੇ ਆਚਾਰ ਚਟਣੀਆਂ ਦੇ ਨਾਲ-ਨਾਲ ਉਹ ਮਸਾਲਾ ਬਣਾਇਆ, ਜੋ ਦਹੀਂ, ਲੱਸੀ ਤੇ ਚਾਹ ’ਚ ਵਰਤਿਆ ਜਾਂਦਾ ਹੈ। ਇਸ ਸਾਮਾਨ ਦੀ ਵਧੀਆ ਵਿਕਰੀ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਉਸ ਦੇ ਬਣਾਏ ਉਤਪਾਦਾਂ ਦੀ ਵਿਕਰੀ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਦਾ ਬਹੁਤ ਸਾਥ ਬਣਿਆ ਰਿਹਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਮੇਲਿਆਂ ਅਤੇ ਹੋਰ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਲਾਏ ਜਾਂਦੇ ਮੇਲਿਆਂ ਅਤੇ ਪ੍ਰਦਰਸ਼ਨੀਆਂ ’ਚ ਇਸ ਸਾਮਾਨ ਦੀ ਵਧੀਆ ਵਿਕਰੀ ਹੋਣ ਲੱਗੀ। ਉਸ ਦੇ ਇਸ ਉੱਦਮ ਨੂੰ ਦੇਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ 2018 ’ਚ ਸਫ਼ਲ ਕਿਸਾਨ ਔਰਤ ਵਜੋਂ ਸਨਮਾਨਿਤ ਕੀਤਾ। ਉਸ ਦਾ ਪਤੀ ਨੈਬ ਸਿੰਘ ਅਤੇ ਪੁੱਤਰ ਮਨਜੀਤ ਸਿੰਘ ਵੀ ਇਸ ਕੰਮ ’ਚ ਪੂਰਾ ਸਾਥ ਦਿੰਦੇ ਹਨ।
ਇਸ ਦੇ ਨਾਲ ਹੀ ਉਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਸ਼ਹਿਦ ਮੱਖੀ ਪਾਲਣ ਦੀ ਸਿਖਲਾਈ ਵੀ ਲੈ ਲਈ, ਜਿਸ ’ਚ ਲਗਭਗ 15 ਡੱਬਿਆਂ ਦਾ ਸ਼ਹਿਦ ਦਾ ਕੰਮ ਵੀ ਪੂਰੀ ਕਾਮਯਾਬੀ ਨਾਲ ਕੀਤਾ ਜਾ ਰਿਹਾ ਹੈ। ਸ਼ਹਿਦ ਦੀਆਂ ਮੱਖੀਆਂ ਦੀ ਖ਼ੁਰਾਕ ਦਾ ਸਾਰਾ ਪ੍ਰਬੰਧ ਪਿੰਡ ’ਚ ਹੀ ਹੋ ਜਾਂਦਾ ਹੈ ਜਿਵੇਂ ਸਫ਼ੈਦਾ ਤੇ ਸਰ੍ਹੋਂ ਆਦਿ ਫ਼ਸਲਾਂ ਪਿੰਡ ’ਚ ਹੀ ਮਿਲ ਜਾਂਦੀਆਂ ਹਨ ਤੇ ਇਸ ਪੈਦਾ ਹੋਏ ਸ਼ਹਿਦ ਤੋਂ ਵੀ ਉਸ ਨੂੰ ਚੰਗੀ ਆਮਦਨ ਹੋ ਜਾਂਦੀ ਹੈ। ਭਵਿੱਖ ’ਚ ਉਸ ਦੀ ਇਹ ਯੋਜਨਾ ਹੈ ਕਿ ਕਣਕ-ਝੋਨੇ ਨੂੰ ਘਟਾ ਕੇ ਹੋਰ ਦੂਜੀਆਂ ਫ਼ਸਲਾਂ ਲਾਈਆਂ ਜਾਣ ਤੇ ਆਪਣੇ ਆਚਾਰ ਚਟਣੀਆਂ ਦੇ ਕੰਮ ਨੂੰ ਹੋਰ ਉੱਚੇ ਪੱਧਰ ’ਤੇ ਲੈ ਕੇ ਜਾਇਆ ਜਾਵੇ।
ਰਜਿੰਦਰ ਕੌਰ ਨੇ ਆਪਣੇ ਇਸ ਸਾਰੇ ਕੰਮ ’ਚ ਆਪਣੇ ਪਿੰਡ ਦੀਆਂ ਕੁਝ ਔਰਤਾਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ ਹੈ, ਜੋ ਕਿ ਆਚਾਰ, ਚਟਣੀਆਂ ਅਤੇ ਮਸਾਲਿਆਂ ਦੀ ਪੈਕਿੰਗ ’ਚ ਉਸ ਦੀ ਮਦਦ ਕਰਦੀਆਂ ਹਨ। ਉਸ ਨੇ ਕਈ ਔਰਤਾਂ ਨੂੰ ਆਪਣੇ ਪੈਰਾਂ ਸਿਰ ਖੜ੍ਹਾ ਕੀਤਾ ਹੈ। ਉਸ ਦਾ ਇਹ ਉੱਦਮ ਸ਼ਲਾਘਾਯੋਗ ਹੈ।