ਮੋਦੀ ਦੇ ਇਸ਼ਾਰੇ 'ਤੇ ਅਕਾਲੀ ਦਲ ਅਤੇ ਬੀਐਸਪੀ ਦਾ ਗੱਠਬੰਧਨ, 'ਆਪ' ਨੇ ਦਿੱਤਾ ਨਾਪਾਕ ਕਰਾਰ
ਆਮ ਆਦਮੀ ਪਾਰਟੀ ਪੰਜਾਬ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨੂੰ ਪੰਜਾਬ ਵਿਰੋਧੀ ਅਤੇ ਨਾਪਾਕ ਕਰਾਰ ਦਿੱਤਾ ਹੈ। 'ਆਪ' ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਹ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਸ ਗਠਜੋੜ ਦਾ ਵਜੂਦ ਬਣਾਇਆ ਗਿਆ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨੂੰ ਪੰਜਾਬ ਵਿਰੋਧੀ ਅਤੇ ਨਾਪਾਕ ਕਰਾਰ ਦਿੱਤਾ ਹੈ। 'ਆਪ' ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਹ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਸ ਗਠਜੋੜ ਦਾ ਵਜੂਦ ਬਣਾਇਆ ਗਿਆ ਹੈ। 'ਆਪ' ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਪੰਜਾਬ ਵਿਰੋਧੀ ਪਾਰਟੀਆਂ ਘਬਰਾ ਰਹੀਆਂ ਹਨ।
ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਹੁਣ ਰਸਮੀ ਅਤੇ ਗੈਰ ਰਸਮੀ ਭਾਵ ਦੋ ਤਰ੍ਹਾਂ ਦੇ ਗੱਠਜੋੜ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਪਾਰਟੀਆਂ ਵੱਲੋਂ ਕੀਤੇ ਗਏ ਹਨ। ਚੱਢਾ ਨੇ ਕਿਹਾ ਕਿ ਪਹਿਲਾ ਰਸਮੀ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜਦਕਿ ਦੂਜਾ ਗੈਰ ਰਸਮੀ ਗਠਜੋੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ, ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਠਪੁਤਲੀਆਂ ਪਾਰਟੀਆਂ ਹਨ, ਜਦਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਬੌਸ ਮੰਨਦੇ ਹਨ। ਆਪ ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪਣੇ ਆਪ ਨੂੰ ਦਲਿਤਾਂ ਦੀ ਅਗਵਾਈ ਵਾਲੀ ਪਾਰਟੀ ਦੱਸਦੀ ਹੈ ਪਰ ਦਲਿਤਾਂ 'ਤੇ ਅੱਤਿਆਚਾਰ ਕਰਨ ਵਾਲੇ ਅਕਾਲੀ ਦਲ ਨਾਲ ਮਿਲ ਕੇ ਕਾਰਜ ਕਰ ਰਹੀ ਹੈ ਜਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਕਰਕੇ ਬਹੁਜਨ ਸਮਾਜ ਪਾਰਟੀ ਨੇ ਬਾਬੂ ਕਾਂਸ਼ੀ ਰਾਮ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਦਿੱਤਾ ਹੈ।
ਆਪ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੇ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸੀ ਅਤੇ ਬਾਬਾ ਸਾਹਿਬ ਖ਼ਿਲਾਫ਼ ਪ੍ਰਦਰਸ਼ਨ ਕੀਤੇ ਸੀ ਅਤੇ ਅੱਜ ਬਸਪਾ ਉਨ੍ਹਾਂ ਦੇ ਨਾਲ ਹੀ ਗਠਬੰਧਨ ਕਰਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦੇ ਸਮੇਂ ਦੌਰਾਨ ਹੀ ਦਲਿਤਾਂ 'ਤੇ ਸਭ ਤੋਂ ਵੱਧ ਅੱਤਿਆਚਾਰ ਹੋਏ ਹਨ ਅਤੇ ਦਲਿਤਾਂ ਦੀਆਂ ਧੀਆਂ ਨੂੰ ਬੱਸਾਂ ਵਿੱਚੋਂ ਉਤਾਰ ਉਤਾਰ ਕੇ ਸੁੱਟਿਆ ਗਿਆ ਹੈ।