ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ ਹੈ। ਉੱਤਰ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਤੇ ਕਨੌਜ ਤੋਂ ਸੰਸਦ ਮੈਂਬਰ ਸੁਬ੍ਰਤ ਪਾਠਕ ਨੇ ਕਿਹਾ ਕਿ ਇਹ ਅੰਦੋਲਨ ਕਿਸਾਨ ਵਿਰੋਧੀ, ਹਿੰਦੂ ਵਿਰੋਧੀ ਤੇ ਮੋਦੀ ਵਿਰੋਧੀ ਹੈ। ਪਾਠਕ ਨੇ ਅੰਦੋਲਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਅੰਦੋਲਨ ਖੜ੍ਹਾ ਕਰਨਗੇ।
ਉਨ੍ਹਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਉੱਤੇ ਵੀ ਸਿਆਸੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੁਝ ਅਰਾਜਕਤਾਵਾਦੀ ਤੱਤ ਜਾਣਬੁੱਝ ਕੇ ਅੰਦੋਲਨ ਨੂੰ ਫੈਲਾ ਰਹੇ ਹਨ। ਅਖਿਲੇਸ਼ ਯਾਦਵ ਵੀ ਇਸ ਨੂੰ ਹਵਾ ਦੇ ਰਹੇ ਹਨ। ਅੱਜ ਕਨੌਜ ਸਮੇਤ ਸਮੁੱਚੇ ਯੂਪੀ ’ਚ ਕਿਤੇ ਕੋਈ ਵਸੂਲੀ ਨਹੀਂ ਹੋ ਰਹੀ।
ਉੱਧਰ ਗੋਰਖਪੁਰ ਤੋਂ ਐਮਪੀ ਰਵੀ ਕਿਸ਼ਨ ਨੇ ਵੀ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਇਸ ਅੰਦੋਲਨ ਵਿੱਚ ਪਾਕਿਸਤਾਨ, ਚੀਨ ਤੇ ਕੈਨੇਡਾ ਤੋਂ ਫ਼ੰਡਿੰਗ ਹੋ ਰਹੀ ਹੈ। ਰਵੀ ਕਿਸ਼ਨ ਨੇ ਦੋਸ਼ ਲਾਇਆ ਕਿ ਅੰਦੋਲਨ ’ਚ ਖ਼ਾਲਿਸਤਾਨ ਦੇ ਨਾਅਰੇ ਲੱਗ ਰਹੇ ਹਨ। ਇਸ ਤੋਂ ਇਲਾਵਾ ਇਸ ਅੰਦੋਲਨ ’ਚ ਕੋਰੋਨਾ ਫੈਲਾਇਆ ਜਾ ਰਿਹਾ ਹੈ ਕਿਉਂਕਿ ਅੰਦੋਲਨਕਾਰੀ ਮਾਸਕ ਨਹੀਂ ਲਾ ਰਹੇ ਹਨ ਤੇ ਨਾ ਹੀ ਕੋਈ ਸਮਾਜਕ ਦੂਰੀ ਦੀ ਪਾਲਣਾ ਕਰ ਰਿਹਾ ਹੈ।
ਭਾਜਪਾ ਐਮਪੀ ਨੇ ਕਿਹਾ ਕਿ ਹੁਣ ਇਹ ਮਾਮਲਾ ਸੁਪਰੀਮ ਕੋਰਟ ’ਚ ਜਾ ਚੁੱਕਾ ਹੈ ਤੇ ਗੱਲਬਾਤ ਨਾਲਾ ਹੀ ਮਸਲੇ ਦਾ ਕੋਈ ਹੱਲ ਨਿੱਕਲੇਗਾ। ਉਨ੍ਹਾਂ ਕਿਹਾ ਮੈਂ ਵੀ ਕਿਸਾਨ ਪੁੱਤਰ ਹਾਂ। ਮੇਰੀ ਮਾਂ ਨਾਲ ਗੱਲਬਾਤ ਹੋਈ। ਮੇਰੀ ਮਾਂ ਨੇ ਦੱਸਿਆ ਕਿ ਇਸ ਕਾਨੂੰਨ ਨਾਲ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।