ਕਿਸਾਨ ਅੰਦੋਲਨ ਖ਼ਤਮ ਕਰਨ ਲਈ ਬੀਜੇਪੀ ਦੀ ਨਵੀਂ ਚਾਲ! ਕਿਸਾਨ ਲੀਡਰਾਂ ਨੇ ਖੋਲ੍ਹੀ ਕੈਪਟਨ ਸਰਕਾਰ ਦੀ ਵੀ ਪੋਲ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਤਹਿਤ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਲਗਾਤਾਰ ਕਰੀਬ ਛੇ ਮਹੀਨੇ ਤੋਂ ਪੱਕਾ ਮੋਰਚਾ ਜਾਰੀ ਹੈ ਜਿਸ ਵਿੱਚ ਲਗਾਤਾਰ ਕਿਸਾਨ ਤੇ ਔਰਤਾਂ ਵਧ-ਚੜ੍ਹ ਕੇ ਸ਼ਾਮਲ ਹੋ ਰਹੇ ਹਨ।
ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਤਹਿਤ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਲਗਾਤਾਰ ਕਰੀਬ ਛੇ ਮਹੀਨੇ ਤੋਂ ਪੱਕਾ ਮੋਰਚਾ ਜਾਰੀ ਹੈ ਜਿਸ ਵਿੱਚ ਲਗਾਤਾਰ ਕਿਸਾਨ ਤੇ ਔਰਤਾਂ ਵਧ-ਚੜ੍ਹ ਕੇ ਸ਼ਾਮਲ ਹੋ ਰਹੇ ਹਨ। ਬੀਤੇ ਦਿਨੀਂ ਮਲੋਟ ਵਿਖੇ ਵਾਪਰੀ ਘਟਨਾ ਸਬੰਧੀ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਬੀਜੇਪੀ ਵਿਧਾਇਕ ਦੀ ਕੁੱਟਮਾਰ ਲਈ ਬੀਜੇਪੀ ਖ਼ੁਦ ਜਿੰਮੇਵਾਰ ਹੈ ਕਿਉਂਕਿ ਜਦੋਂ ਬੀਜੇਪੀ ਨੂੰ ਪਤਾ ਹੈ ਕਿ ਖੇਤੀ ਕਾਨੂੰਨਾਂ ਕਾਰਨ ਉਸ ਦਾ ਪੰਜਾਬ ਭਰ ਵਿੱਚ ਵਿਰੋਧ ਚੱਲ ਰਿਹਾ ਹੈ ਤਾਂ ਇਸ ਪਾਰਟੀ ਦੇ ਲੀਡਰ ਜਾਣਬੁੱਝ ਕੇ ਕਿਸਾਨਾਂ ਨੂੰ ਭੜਕਾਉਣ ਲਈ ਪ੍ਰੋਗਰਾਮ ਉਲੀਕ ਰਹੇ ਹਨ ਤਾਂ ਕਿ ਕਿਸਾਨ ਹਿੰਸਕ ਹੋਣ, ਜਿਸ ਨਾਲ ਸੰਘਰਸ਼ ਨੂੰ ਖ਼ਤਮ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਪਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨ ਆਪਣਾ ਸੰਘਰਸ਼ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਵਿਧਾਇਕ ਦੀ ਕੁੱਟਮਾਰ ਲਈ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਪਰਚੇ ਦਰਜ਼ ਕਰਨ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦੀ ਪੋਲ ਵੀ ਖੁੱਲ੍ਹ ਰਹੀ ਹੈ। ਕਾਂਗਰਸੀ ਅਤੇ ਭਾਜਪਾਈ ਆਪਸ ਵਿੱਚ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪਰਚੇ ਕਿਸਾਨਾਂ ’ਤੇ ਦਰਜ਼ ਕਰਨੇ ਬਹੁਤ ਗਲਤ ਹਨ, ਜਿਸ ਨੂੰ ਕੈਪਟਨ ਸਰਕਾਰ ਤੁਰੰਤ ਰੱਦ ਕਰੇ।
ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਕੇ ਇਰਾਦੇ ਵਾਲਾ ਵਿਅਕਤੀ ਕਹਿਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਲਈ ਅਜਿਹੇ ਬਿਆਨ ਦੇ ਕੇ ਖੇਤੀ ਕਾਨੂੰਨਾਂ ਤੇ ਗਲਤ ਫ਼ੈਸਲਿਆਂ ਲਈ ਕੇਂਦਰ ਸਰਕਾਰ ਨੂੰ ਹੱਲਾਸ਼ੇਰੀ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਪਿੰਡਾਂ ਵਿੱਚ 21 ਮੈਂਬਰੀ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ, ਜੋ ਪਿੰਡਾਂ ਵਿੱਚ ਆਉਣ ਵਾਲੇ ਹਰ ਪਾਰਟੀ ਲੀਡਰ ਨੂੰ ਘੇਰ ਕੇ ਉਨ੍ਹਾਂ ਤੋਂ ਕਾਰਗੁਜ਼ਾਰੀ ਦੇ ਸਵਾਲ ਕਰਨਗੀਆਂ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਦਾ ਪੰਜਾਬ ਵਿੱਚ ਖੇਤੀ ਕਾਨੂੰਨ ਰੱਦ ਹੋਣ ਤੱਕ ਵਿਰੋਧ ਜਾਰੀ ਰਹੇਗਾ।






















