ਕਿਸਾਨ ਅੰਦੋਲਨ 'ਚ ਬੀਜੇਪੀ ਦਾ ਨਵਾਂ ਪੈਂਤੜਾ, ਸੰਯੁਕਤ ਮੋਰਚਾ ਵੱਲੋਂ ਕਿਸਾਨਾਂ ਨੂੰ ਅਪੀਲ
ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਬੀਜੇਪੀ ਦੀ ਚਾਲ ਦੱਸਦਿਆਂ ਅਪੀਲ ਕੀਤੀ ਹੈ ਕਿ ਹਰਿਆਣਾ ਵਿੱਚ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਭਾਜਪਾ ਦੀ ਤਿਰੰਗਾ ਯਾਤਰਾ ਦਾ ਕਿਸਾਨ ਵਿਰੋਧ ਨਹੀਂ ਕਰਨਗੇ।
ਨਵੀਂ ਦਿੱਲੀ: ਕਿਸਾਨ ਅੰਦੋਲਨ ਕਰਕੇ ਕਸੂਤੀ ਘਿਰੀ ਬੀਜੇਪੀ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਅੱਜ ਤੋਂ ਤਿਰੰਗਾ ਯਾਤਰਾ ਦਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਬੀਜੇਪੀ ਦੀ ਚਾਲ ਦੱਸਦਿਆਂ ਅਪੀਲ ਕੀਤੀ ਹੈ ਕਿ ਹਰਿਆਣਾ ਵਿੱਚ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਭਾਜਪਾ ਦੀ ਤਿਰੰਗਾ ਯਾਤਰਾ ਦਾ ਕਿਸਾਨ ਵਿਰੋਧ ਨਹੀਂ ਕਰਨਗੇ।
ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਤਿਰੰਗਾ ਯਾਤਰਾ ਜ਼ਰੀਏ ਬੀਜੇਪੀ ਕਿਸਾਨਾਂ ਦਾ ਟਾਕਰਾ ਕਰਵਾਉਣਾ ਚਾਹੁੰਦੀ ਹੈ, ਜਿਸ ਨਾਲ ਕਿਸਾਨਾਂ 'ਤੇ ਤਿਰੰਗੇ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਜਾ ਸਕੇ ਹੈ। ਯਾਦਵ ਨੇ ਕਿਹਾ ਭਾਜਪਾ ਦੇ ਇਸ ਕਦਮ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਹੈ। ਹਰਿਆਣਾ ਵਿੱਚ ਭਾਜਪਾ ਦੀ ਤਿਰੰਗਾ ਯਾਤਰਾ ਦਾ ਕੋਈ ਵਿਰੋਧ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਹੈ ਕਿ ਅਸੀਂ ਉਨ੍ਹਾਂ ਦੀ ਯਾਤਰਾ ਨੂੰ ਨਜ਼ਰ ਅੰਦਾਜ਼ ਕਰਾਂਗੇ। ਕਿਸਾਨ ਭਰਾਵਾਂ ਨੂੰ ਅਪੀਲ ਹੈ, ਇਨ੍ਹਾਂ ਯਾਤਰਾਵਾਂ ਦਾ ਵਿਰੋਧ ਨਾ ਕਰੋ। ਅੱਜ ਭਾਜਪਾ ਦੀ ਤਿਰੰਗਾ ਯਾਤਰਾ ਹਰਿਆਣਾ ਬਹਿਲ ਪ੍ਰਕਾਸ਼ ਤੋਂ ਸ਼ੁਰੂ ਹੋ ਰਹੀ ਹੈ। ਕਿਸਾਨ ਲੀਡਰ ਗੁਰਨਾਮ ਚੜੂਨੀ ਨੇ ਕਿਹਾ ਕਿ "ਤਿਰੰਗਾ ਯਾਤਰਾ ਦੇ ਬਹਾਨੇ ਬੀਜੇਪੀ ਕਿਸਾਨਾਂ ਨਾਲ ਟਕਰਾਉਣ ਦਾ ਬਹਾਨਾ ਲੱਭ ਰਹੀ ਹੈ। ਉਨ੍ਹਾਂ ਦੀ ਇਸ ਯਾਤਾਰ ਦੇ ਬਹਾਨੇ ਪਿੰਡਾਂ ਵਿੱਚ ਵੜਨ ਦੀ ਯੋਜਨਾ ਹੈ।"
ਇਹ ਯਾਤਰਾ ਖੇਤੀਬਾੜੀ ਮੰਤਰੀ ਜੇਪੀ ਦਲਾਲ ਦੀ ਅਗਵਾਈ ਵਿੱਚ ਸ਼ੁਰੂ ਹੋਵੇਗੀ। ਖੇਤੀਬਾੜੀ ਮੰਤਰੀ ਜੇਪੀ ਦਲਾਲ ਬਹਿਲ ਨੇ ਤਿਰੰਗਾ ਯਾਤਰਾ ਬਾਰੇ ਕਿਹਾ ਕਿ ਬਹਿਲ ਤੋਂ ਸ਼ੁਰੂ ਹੋ ਕੇ ਤਿਰੰਗਾ ਯਾਤਰਾ ਲੋਹਾਰੂ ਸਮਾਪਤ ਹੋਵੇਗੀ। ਇਹ ਯਾਤਰਾ ਹਜ਼ਾਰਾਂ ਟਰੈਕਟਰਾਂ ਦੇ ਕਾਫਲੇ ਨਾਲ ਕੱਢੀ ਜਾਵੇਗੀ।
ਜੇਪੀ ਦਲਾਲ ਨੇ ਕਿਹਾ ਰਾਜ ਦੇ ਹਰ ਹਿੱਸੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ। ਤਿਰੰਗਾ ਯਾਤਰਾ 1 ਤੋਂ 14 ਅਗਸਤ ਤੱਕ ਕੱਢੀ ਜਾਵੇਗੀ। ਬੀਜੇਪੀ ਨੇ ਹਰ ਮਹਾਨ ਪੁਰਸ਼ ਦੀ ਯਾਦ ਵਿੱਚ ਵੱਡੇ ਜਸ਼ਨ ਸ਼ੁਰੂ ਕੀਤੇ ਹਨ। ਦੇਸ਼ ਦੇ ਸ਼ਹੀਦਾਂ ਦੀ ਯਾਦ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਬਹਿਲ ਤੋਂ ਸਵੇਰੇ 10 ਵਜੇ ਤਿਰੰਗਾ ਯਾਤਰਾ ਸ਼ੁਰੂ ਹੋ ਗਈ ਹੈ।