Punjab Breaking News LIVE: ਲੰਬੇ ਸਮੇਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ (Russia-Ukraine War) ਦੇ ਪ੍ਰਭਾਵ ਹਵਾਈ ਕਿਰਾਏ 'ਚ ਵੀ ਦਿਖਾਈ ਦੇ ਰਹੇ
Punjab Breaking News, 3 May 2022 LIVE Updates: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਨੇਤਾ ਮੰਗਲਵਾਰ ਨੂੰ ਸੂਬੇ ਦੇ ਰਾਜਪਾਲ ਨੂੰ ਮਿਲਣਗੇ। ਪੜ੍ਹੋ ਬ੍ਰੇਕਿੰਗ ਤੇ ਲਾਈਵ ਅਪਡਟੇਸ
ਲੰਬੇ ਸਮੇਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ (Russia-Ukraine War) ਦੇ ਪ੍ਰਭਾਵ ਹਵਾਈ ਕਿਰਾਏ ਵਿੱਚ ਦਿਖਾਈ ਦੇ ਰਹੇ ਹਨ। ਟਰੈਵਲ ਏਜੰਟਾਂ ਮੁਤਾਬਕ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਲਈ 20 ਤੋਂ 25 ਫੀਸਦੀ ਦਾ ਵਾਧਾ ਹੋਇਆ ਹੈ। ਰਿਵਰਪੂਲ ਹੋਲੀਡੇਜ਼ ਦੇ ਚੰਡੀਗੜ੍ਹ ਸਥਿਤ ਟਰੈਵਲ ਏਜੰਟ ਪਰਮਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਘਰੇਲੂ ਖੇਤਰ 'ਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਬੁਕਿੰਗ ਕਰਵਾ ਰਹੇ ਹਾਂ ਪਰ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਰੂਟ 'ਤੇ ਪ੍ਰਤੀ ਯਾਤਰੀ ਕਿਰਾਇਆ 2,700 ਰੁਪਏ ਤੋਂ ਵਧ ਕੇ 3,100 ਰੁਪਏ ਤੋਂ 4,200 ਤੋਂ 4,500 ਰੁਪਏ ਹੋ ਗਿਆ ਹੈ, ਜਦਕਿ ਮੁੰਬਈ ਲਈ ਕਿਰਾਏ 5,500 ਰੁਪਏ ਤੋਂ ਵਧ ਕੇ 5,700 ਰੁਪਏ ਤੋਂ 8,300 ਤੋਂ 8,500 ਰੁਪਏ ਹੋ ਗਏ ਹਨ, ਚੰਡੀਗੜ੍ਹ ਹਵਾਈ ਅੱਡੇ 'ਤੇ ਇਕ ਏਅਰਲਾਈਨ ਆਪਰੇਟਰ ਕਿਹਾ ਚੰਡੀਗੜ੍ਹ ਤੋਂ ਬੈਂਗਲੁਰੂ ਦਾ ਹਵਾਈ ਕਿਰਾਇਆ ਹੁਣ ਇੱਕ ਸਿੰਗਲ ਯਾਤਰਾ ਲਈ ਪ੍ਰਤੀ ਯਾਤਰੀ 6,500 ਤੋਂ 7,500 ਰੁਪਏ ਦੇ ਵਿਚਕਾਰ ਹੈ। ਇਹ ਅੰਕੜਾ ਪਹਿਲਾਂ 5,300 ਰੁਪਏ ਤੋਂ 5,800 ਰੁਪਏ ਪ੍ਰਤੀ ਯਾਤਰੀ ਸੀ।
ਬਲਾਤਕਾਰ ਮਾਮਲੇ 'ਚ ਅਦਾਲਤ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਾਬਕਾ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਸ ਦੇ ਸਾਥੀਆਂ ਨਾਲ ਗੱਲਬਾਤ ਹੋਣ ਸਬੰਧੀ ਪੋਸਟਰ ਥਾਣਾ ਡਿਵੀਜ਼ਨ ਨੰਬਰ 6 ਸਹਿਤ ਹੋਰ ਜਨਤਕ ਥਾਵਾਂ 'ਤੇ ਲਗਾ ਦਿੱਤੇ ਗਏ ਹਨ। ਪੋਸਟਰ 'ਚ ਬੈਂਸ ਸਣੇ ਸੱਤ ਮੁਲਜ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ ਦਿਹਾਤੀ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਬੈਂਸ ਤੇ ਹੋਰ ਆਰੋਪੀਆਂ ਦੇ ਭਗੌੜੇ ਹੋਣ ਸਬੰਧੀ ਪੋਸਟਰ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 6 ਸਮੇਤ ਹੋਰ ਜਨਤਕ ਥਾਵਾਂ 'ਤੇ ਲਗਾਏ ਗਏ ਹਨ। ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ। ਇਨ੍ਹਾਂ ਸਬੰਧੀ ਜਾਣਕਾਰੀ ਸਾਂਝਾ ਕੀਤੀ ਜਾਵੇ ਤਾਂ ਜੋ ਇਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਸੂਬੇ ਭਰ ਵਿੱਚ ਕਣਕ ਦੀ ਆਮਦ ਵਿੱਚ ਆਈ ਭਾਰੀ ਗਿਰਾਵਟ ਤੋਂ ਬਾਅਦ ਖੁਰਾਕ ਤੇ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੇ ਸੂਬੇ ਭਰ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਵੇਰਵੇ ਪੱਤਰਕਾਰਾਂ ਦੇ ਇੱਕ ਹਿੱਸੇ ਨਾਲ ਸਾਂਝੇ ਕਰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਵਿੱਚ ਮੰਡੀਆਂ ਨੂੰ 5 ਮਈ ਤੋਂ ਪੜਾਅਵਾਰ ਬੰਦ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਮੰਡੀ ਬੋਰਡ ਵੱਲੋਂ ਜਾਰੀ ਕੀਤਾ ਜਾਵੇਗਾ।
ਪੰਜਾਬ 'ਚ ਬਿਜਲੀ ਕੱਟਾਂ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਨੇ ਭਗਵੰਤ ਮਾਨ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਕਿਸਾਨ ਮੋਰਚਾ ਦੇ ਆਗੂਆਂ ਨੇ ਸੂਬੇ ਦੇ ਕੁਝ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਖੁਦਕੁਸ਼ੀ ਕਰ ਲਈ ਹੈ। ਇਸ ਦੇ ਨਾਲ ਹੀ ਭਾਜਪਾ ਆਗੂਆਂ ਨੇ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਈਦ-ਉਲ-ਫਿਤਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਲੇਰਕੋਟਲਾ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ 'ਤੇ ਜ਼ੋਰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਥੇ ਈਦਗਾਹ ’ਚ ਈਦ ਸਮਾਗਮ ਮੌਕੇ ਕਿਹਾ ਮਾਲੇਕੋਟਲਾ ਨੂੰ ਜ਼ਿਲ੍ਹੇ ਦਾ ਦਰਜਾ ਮਿਲ ਗਿਆ ਹੈ ਪਰ ਇਹ ਹਾਲੇ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਜ਼ਿਲ੍ਹੇ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪਟਿਆਲਾ ਵਿੱਚ ਹਾਲ ਹੀ ਵਿੱਚ ਹੋਏ ਫਿਰਕੂ ਤਣਾਅ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਦਾ ਭਾਈਚਾਰਾ ਮਜ਼ਬੂਤ ਹੈ ਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ।
ਸਿੱਧੂ ਨੂੰ ਪਾਰਟੀ ਵੱਲੋਂ ਪਾਰਟੀ 'ਚੋਂ ਦੋ ਸਾਲ ਲਈ ਕੱਢੇ ਜਾਣ ਦਾ ਨੋਟਿਸ ਜਾਰੀ ਕੀਤਾ ਹੋਇਆ ਹੈ ਜਿਸ 'ਤੇ ਸਿੱਧੂ ਨੇ ਹਾਲੇ ਤਕ ਨਾ ਤਾਂ ਪਾਰਟੀ ਨੂੰ ਕੋਈ ਜਵਾਬ ਦਿੱਤਾ ਤੇ ਨਾ ਹੀ ਮੀਡੀਆ ਨੂੰ ਪਿਛਲੇ ਦੋ ਦਿਨਾਂ ਤੋਂ ਜਵਾਬ ਦੇ ਰਹੇ ਹਨ ਪਰ ਸਿੱਧੂ ਦੇ ਤੇਵਰ ਤੇ ਅੰਦਾਜ ਹਾਲੇ ਵੀ ਤਿੱਖੇ ਹਨ। ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਕਹਿੰਦਾ ਸੀ ਕਿ ਉਹ ਪਹਿਲੇ ਦਿਨ ਹੀ 20 ਹਜਾਰ ਕਰੋੜ ਦਾ ਪ੍ਰਬੰਧ ਕਰ ਲਵੇਗਾ ਪਰ ਹੁਣ ਕੇਜਰੀਵਾਲ ਤੇ ਉਸ ਦਾ ਚੇਲਾ ਠੰਢੀਆਂ ਹਵਾਵਾਂ ਮਾਣ ਰਹੇ ਹਨ, ਜਿਨਾਂ ਨੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰੀ ਹੈ।
ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੱਧੂ ਨੂੰ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਵੀ ਸਿੱਧੂ ਦੇ ਤੇਵਰਾਂ 'ਚ ਕੋਈ ਕਮੀ ਨਹੀਂ ਹੈ। ਸਿੱਧੂ ਹਾਲੇ ਵੀ ਸਿੱਧੇ ਤੇ ਅਸਿੱਧੇ ਢੰਗ ਨਾਲ ਆਪਣੀ ਪਾਰਟੀ 'ਤੇ ਨਿਸ਼ਾਨੇ ਸਾਧ ਰਹੇ ਹਨ। ਅੰਮ੍ਰਿਤਸਰ 'ਚ ਰੇਤੇ ਦੇ ਰੇਟਾਂ ਦੇ ਮਾਮਲੇ 'ਚ ਭਗਵੰਤ ਮਾਨ ਸਰਕਾਰ ਨੂੰ ਘੇਰਨ ਦੇ ਨਾਲ-ਨਾਲ ਸਿੱਧੂ ਨੇ ਜਿੱਥੇ ਅਰਵਿੰਦ ਕੇਜਰੀਵਾਲ ਨੂੰ ਰੱਝ ਕੇ ਕੋਸਿਆ, ਉੱਥੇ ਹੀ ਆਪਣੀ ਪਾਰਟੀ ਦੀ ਵੀ ਨੈਤਿਕਤਾ ਦੇ ਮਾਮਲੇ 'ਤੇ ਖੁੱਲ੍ਹ ਕੇ ਆਲੋਚਨਾ ਕੀਤੀ।
ਪੰਜਾਬ ਸਰਕਾਰ ਨੇ ਸਿਆਸਤਦਾਨਾਂ ਤੋਂ ਸਰਕਾਰੀ ਕੋਠੀਆਂ ਖਾਲੀ ਕਰਾਉਣ ਲਈ ਸਖਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ 5 ਮਈ ਤੱਕ ਕੋਠੀ ਖਾਲੀ ਕਰ ਦਿੱਤੀ ਜਾਵੇ। ਰਜਿੰਦਰ ਕੌਰ ਭੱਠਲ ਨੂੰ ਪੰਜਾਬ ਰਾਜ ਯੋਜਨਾ ਕਮਿਸ਼ਨ ਦੀ ਚੇਅਰਪਰਸਨ ਕਾਰਨ ਕੈਬਨਿਟ ਰੈਂਕ ਮਿਲਿਆ ਹੋਇਆ ਸੀ। ਪੰਜਾਬ ਸਰਕਾਰ ਨੇ ਪੰਜਾਬ ਰਾਜ ਯੋਜਨਾ ਕਮਿਸ਼ਨ ਭੰਗ ਕਰ ਦਿੱਤਾ ਹੈ। ਇਸ ਕਮਿਸ਼ਨ ਨੂੰ ਸਰਕਾਰ ਨੇ 20 ਅਪ੍ਰੈਲ ਨੂੰ ਭੰਗ ਕਰ ਦਿੱਤਾ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਨਾਲ ਛੇੜਛਾੜ ਦੇ ਮਾਮਲੇ ’ਤੇ ਚਰਚਾ ਲਈ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਪੰਥਕ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ ਹਨ। ਮੀਟਿੰਗ ਵਿੱਚ ਅਮਰੀਕਾ ਵਾਸੀ ਸਿੱਖ ਵਿਅਕਤੀ ਥਮਿੰਦਰ ਸਿੰਘ ਅਨੰਦ ਵੱਲੋਂ ਬਿਨਾਂ ਪ੍ਰਵਾਨਗੀ ਸਰੂਪ ਛਾਪਣ ਤੇ ਉਸ ਵਿੱਚ ਲਗਾਂ ਮਾਤਰਾ ਸ਼ਾਮਲ ਕਰਨ ਦਾ ਮਾਮਲਾ ਵਿਚਾਰਿਆ ਗਿਆ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਵੇਲੇ 900 ਰੁਪਏ ਸੈਂਕੜਾ ਰੇਤਾ ਵਿਕਦਾ ਸੀ ਜੋ ਅੱਜ ਇੱਕ ਮਹੀਨੇ ਬਾਅਦ 2200 ਰੁਪਏ ਸੈਂਕੜਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਰੇਤੇ ਦੀ ਟਰਾਲੀ 16000 ਨੂੰ ਵਿਕ ਰਹੀ ਹੈ। ਰੇਤੇ ਦੀ ਘਾਟ ਕਰਕੇ ਕੰਮ ਬੰਦ ਹੋ ਗਏ ਹਨ। ਮਜ਼ਦੂਰ ਘਰੇ ਬੈਠਣ ਲਈ ਮਜਬੂਰ ਹੋ ਗਏ ਹਨ। ਉਸਾਰੀ ਦਾ ਕੰਮ ਰੁਕਣ ਨਾਲ ਭੱਠੇ ਬੰਦ ਹੋ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ 7 ਮਈ ਨੂੰ ਪੰਜਾਬ ਭਰ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ ਮੁੱਖ ਅਧਿਆਪਕਾਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਸਬੰਧ ਵਿੱਚ ਡੀਜੀਐਸਈ ਪੰਜਾਬ ਦੇ ਵੱਲੋਂ ਇੱਕ ਪੱਤਰ ਜਾਰੀ ਕਰਕੇ 7 ਮਈ ਤੱਕ ਛੁੱਟੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ।
ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਵੜਿੰਗ ਦੇ ਨਾਲ ਮੌਜੂਦ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਰਾਜਪਾਲ ਨਾਲ ਮੁਲਾਕਾਤ ਦੌਰਾਨ ਪਟਿਆਲਾ ਹਿੰਸਾ ਸਮੇਤ ਸੂਬਾ ਸਰਕਾਰ ਦੇ ਕੰਮਕਾਜ ਨਾਲ ਜੁੜੇ ਮੁੱਦੇ ਉਠਾਉਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਨੇਤਾ ਮੰਗਲਵਾਰ ਨੂੰ ਸੂਬੇ ਦੇ ਰਾਜਪਾਲ ਨੂੰ ਮਿਲਣਗੇ। ਅਹਿਮ ਗੱਲ ਹੈ ਕਿ ਜਿਸ ਦਿਨ ਰਾਜਾ ਵੜਿੰਗ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸੀ, ਉਸੇ ਸਮੇਂ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਆਪਣੇ ਕੁਝ ਸਾਥੀਆਂ ਸਮੇਤ ਰਾਜਪਾਲ ਨੂੰ ਮਿਲਣ ਪਹੁੰਚੇ ਸੀ। ਉਸ ਵੇਲੇ ਰਾਜਾ ਵੜਿੰਗ ਉਨ੍ਹਾਂ ਦੇ ਨਾਲ ਨਹੀਂ ਸੀ। ਇਸ ਮਗਰੋਂ ਹੁਣ ਰਾਜਾ ਵੜਿੰਗ ਰਾਜਾਪਾਲ ਨੂੰ ਮਿਲ ਕੇ ਪੰਜਾਬ ਦੇ ਮੁੱਦੇ ਉਠਾਉਣਗੇ।
ਪਿਛੋਕੜ
Punjab Breaking News, 3 May 2022 LIVE Updates: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਨੇਤਾ ਮੰਗਲਵਾਰ ਨੂੰ ਸੂਬੇ ਦੇ ਰਾਜਪਾਲ ਨੂੰ ਮਿਲਣਗੇ। ਅਹਿਮ ਗੱਲ ਹੈ ਕਿ ਜਿਸ ਦਿਨ ਰਾਜਾ ਵੜਿੰਗ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸੀ, ਉਸੇ ਸਮੇਂ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਆਪਣੇ ਕੁਝ ਸਾਥੀਆਂ ਸਮੇਤ ਰਾਜਪਾਲ ਨੂੰ ਮਿਲਣ ਪਹੁੰਚੇ ਸੀ। ਉਸ ਵੇਲੇ ਰਾਜਾ ਵੜਿੰਗ ਉਨ੍ਹਾਂ ਦੇ ਨਾਲ ਨਹੀਂ ਸੀ। ਇਸ ਮਗਰੋਂ ਹੁਣ ਰਾਜਾ ਵੜਿੰਗ ਰਾਜਾਪਾਲ ਨੂੰ ਮਿਲ ਕੇ ਪੰਜਾਬ ਦੇ ਮੁੱਦੇ ਉਠਾਉਣਗੇ।
ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਵੜਿੰਗ ਦੇ ਨਾਲ ਮੌਜੂਦ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਰਾਜਪਾਲ ਨਾਲ ਮੁਲਾਕਾਤ ਦੌਰਾਨ ਪਟਿਆਲਾ ਹਿੰਸਾ ਸਮੇਤ ਸੂਬਾ ਸਰਕਾਰ ਦੇ ਕੰਮਕਾਜ ਨਾਲ ਜੁੜੇ ਮੁੱਦੇ ਉਠਾਉਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਤਿਆਰ ਰਹਿਣ ਲਈ ਕਿਹਾ। ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਵਾਬਦੇਹ ਬਣਾਉਣ ਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਣ ਨਾ ਦੇਣ ਲਈ ਕਾਂਗਰਸ ਦੀ ਅਹਿਮ ਭੂਮਿਕਾ ਰਹੇਗੀ।
ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸੂਬਾ ਪੱਧਰੀ ਜਨ ਸੰਪਰਕ ਪ੍ਰੋਗਰਾਮ ਦਾ ਐਲਾਨ ਕਰਨਗੇ। ਕਾਂਗਰਸੀ ਵਰਕਰਾਂ ਨੂੰ ਉਨ੍ਹਾਂ ਤੱਕ ਨਹੀਂ ਪਹੁੰਚਣਾ ਪਵੇਗਾ ਸਗੋਂ ਵਾਰਡ/ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਉਨ੍ਹਾਂ ਦੇ ਘਰ ਪਹੁੰਚਣਾ ਹੋਵੇਗਾ। ਇਸ ਮੌਕੇ 'ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਵਜੋਂ ਕਾਂਗਰਸ ਪਾਰਟੀ ਦੀ ਭੂਮਿਕਾ ਹੋਰ ਵੀ ਅਹਿਮ ਹੈ ਕਿਉਂਕਿ 'ਆਪ' ਸਰਕਾਰ ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਇਸ ਸਰਕਾਰ ਦੀਆਂ ਉਮੀਦਾਂ ਤੋਂ ਨਿਰਾਸ਼ ਹੋ ਗਏ ਹਨ। ਉਹ ਸਰਕਾਰ ਨੂੰ ਆਪਣੇ ਵਾਅਦਿਆਂ ਦੀ ਯਾਦ ਦਿਵਾਉਣ ਲਈ ਸੂਬਾ ਪੱਧਰੀ ਪ੍ਰੋਗਰਾਮ ਦਾ ਵੀ ਐਲਾਨ ਕਰਨਗੇ ਤਾਂ ਜੋ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਨਾ ਹਟੇ।
- - - - - - - - - Advertisement - - - - - - - - -