ਕੇਂਦਰ ਸਰਕਾਰ ਨੇ ਡਿਸਟਿਲਰੀਆਂ ਨੂੰ ਸਸਤੀ ਦਰ 'ਤੇ ਵੰਡੇ 78 ਹਜ਼ਾਰ ਟਨ ਚੌਲ
ਕੇਂਦਰ ਨੇ ਈਥੇਨੋਲ ਬਣਾਉਣ ਲਈ ਸਾਲ 2020-21 'ਚ ਡਿਸਟਿਲਰੀਆਂ ਵਿੱਚ 20 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ 'ਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸ਼ੇਅਰਾਂ ਤੋਂ ਲਗਪਗ 78,000 ਟਨ ਚੌਲ ਵੰਡਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਮੰਗਲਵਾਰ ਨੂੰ ਦਿੱਤੀ ਹੈ।
ਨਵੀਂ ਦਿੱਲੀ: ਕੇਂਦਰ ਨੇ ਈਥੇਨੋਲ ਬਣਾਉਣ ਲਈ ਸਾਲ 2020-21 'ਚ ਡਿਸਟਿਲਰੀਆਂ ਵਿੱਚ 20 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ 'ਤੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸ਼ੇਅਰਾਂ ਤੋਂ ਲਗਪਗ 78,000 ਟਨ ਚੌਲ ਵੰਡਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਮੰਗਲਵਾਰ ਨੂੰ ਦਿੱਤੀ ਹੈ। ਵੀਡੀਓ ਕਾਨਫ਼ਰੰਸ ਰਾਹੀਂ ਸੁਧਾਂਸ਼ੂ ਪਾਂਡੇ ਨੇ ਕਿਹਾ, "2025 ਤੱਕ ਈਥੇਨੋਲ ਦਾ ਕੁੱਲ ਉਤਪਾਦਨ 740 ਕਰੋੜ ਲੀਟਰ ਤੇ ਖੰਡ ਅਧਾਰਤ 760 ਕਰੋੜ ਲੀਟਰ ਹੋਵੇਗਾ। ਇਸ ਲਈ ਕੁਲ ਮਿਲਾ ਕੇ ਅਸੀਂ 1500 ਕਰੋੜ ਲੀਟਰ ਸਪਲਾਈ ਕਰਨ ਦਾ ਟੀਚਾ ਬਣਾ ਰਹੇ ਹਾਂ।"
ਕੇਂਦਰੀ ਖੁਰਾਕ ਸਕੱਤਰ ਨੇ ਦੱਸਿਆ ਕਿ ਦੇਸ਼ 'ਚ ਅਨਾਜ ਅਧਾਰਤ ਡਿਸਟਿਲਰੀਆਂ ਦੀ ਸਮਰੱਥਾ ਲਗਪਗ 258 ਕਰੋੜ ਲੀਟਰ ਹੈ ਤੇ ਉਹ ਪਹਿਲਾਂ ਹੀ ਸ਼ਰਾਬ ਅਧਾਰਤ ਉਤਪਾਦਾਂ ਦੇ ਉਤਪਾਦਨ ਲਈ ਵਚਨਬੱਧ ਹਨ। ਇਸ ਦੇ ਨਾਲ ਹੀ ਪਿਛਲੇ ਸਾਲ ਲਗਪਗ 16 ਕਰੋੜ ਲੀਟਰ ਇਥੇਨੋਲ ਦੀ ਸਪਲਾਈ ਕੀਤੀ ਗਈ ਸੀ, ਜੋ ਇਸ ਸਾਲ ਲਗਪਗ 38 ਕਰੋੜ ਲੀਟਰ ਹੋਣ ਜਾ ਰਹੀ ਹੈ।
ਖੁਰਾਕ ਮੰਤਰਾਲੇ ਦੇ ਅਨੁਮਾਨਾਂ ਅਨੁਸਾਰ ਸਾਲ 2025 'ਚ ਅਨਾਜ ਤੋਂ ਲੋੜੀਂਦਾ ਇਥੇਨੋਲ ਦਾ ਉਤਪਾਦਨ ਕਰਨ ਲਈ ਲਗਪਗ 165 ਲੱਖ ਟਨ ਅਨਾਜ ਦੀ ਵਰਤੋਂ ਕੀਤੀ ਜਾਵੇਗੀ। ਜਦਕਿ ਮੌਜੂਦਾ ਈਥੇਨੋਲ ਸਪਲਾਈ ਸਾਲ 'ਚ ਈਥੇਨੋਲ ਦਾ ਉਤਪਾਦਨ ਲਗਪਗ 592 ਕਰੋੜ ਲੀਟਰ ਤਕ ਪਹੁੰਚਣ ਦੀ ਉਮੀਦ ਹੈ, ਜਿਸ ਵਿੱਚੋਂ 400 ਕਰੋੜ ਲੀਟਰ ਖੰਡ ਤੇ ਬਾਕੀ 192 ਕਰੋੜ ਲੀਟਰ ਅਨਾਜ ਤੋਂ ਆਵੇਗਾ।
ਪੈਟਰੋਲ 'ਚ 20 ਫ਼ੀਸਦੀ ਮਿਲੇਗਾ ਇਥੇਨੋਲ
ਸਰਕਾਰ ਨੇ 2025-26 ਤਕ ਪੈਟਰੋਲ 'ਚ 20 ਫ਼ੀਸਦੀ ਇਥੇਨੋਲ ਮਿਲਾਉਣ ਦਾ ਟੀਚਾ ਮਿੱਥਿਆ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪੈਟਰੋਲ ਨਾਲ ਮਿਲਾਉਣ ਲਈ ਇਕ ਹਜ਼ਾਰ ਕਰੋੜ ਲੀਟਰ ਤੋਂ ਵੱਧ ਇਥੇਨੋਲ ਦੀ ਜ਼ਰੂਰਤ ਹੋਵੇਗੀ। ਇਸ 'ਚ ਅੱਧਾ ਹਿੱਸਾ ਚੀਨੀ ਤੋਂ ਆਵੇਗਾ ਤੇ ਬਾਕੀ ਅਨਾਜ ਅਧਾਰਤ ਡਿਸਟਿਲਰੀਆਂ ਤੋਂ ਆਵੇਗਾ।
ਭੱਠੀ ਲਾਉਣ ਨੂੰ ਮਿਲੀ ਪ੍ਰਵਾਨਗੀ
ਖੁਰਾਕ ਮੰਤਰਾਲੇ ਦੇ ਅੰਕੜਿਆਂ ਅਨੁਸਾਰ 31 ਮਈ 2021 ਤਕ ਈਥੇਨੋਲ ਮਿਲਾਉਣ ਦੀ ਦਰ 7.7 ਫ਼ੀਸਦੀ ਤਕ ਪਹੁੰਚ ਗਈ ਹੈ ਤੇ ਸਰਕਾਰ ਨੂੰ ਮੌਜੂਦਾ ਇਥੇਨੋਲ ਸਾਲ ਦੇ ਅੰਤ ਤਕ 8-8.5 ਫ਼ੀਸਦੀ ਮਿਲਾਵਟ ਦੀ ਉਮੀਦ ਹੈ। ਇਸ ਦੇ ਨਾਲ ਹੀ ਅਨਾਜ ਤੋਂ ਈਥੇਨੋਲ ਬਣਾਉਣ ਲਈ ਹੁਣ ਤੱਕ 422 'ਚੋਂ 189 ਪ੍ਰਸਤਾਵਾਂ ਲਈ ਭੱਠੀ ਲਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਦੀ ਕੁੱਲ ਸਥਾਪਤ ਸਮਰੱਥਾ 765 ਕਰੋੜ ਲੀਟਰ ਹੋਵੇਗੀ।