(Source: Poll of Polls)
ਬਦਲਿਆ ਮੌਸਮ ਦਾ ਮਿਜ਼ਾਜ, ਇਨ੍ਹਾਂ ਰਾਜਾਂ 'ਚ ਮੀਂਹ ਤੇ ਝੱਖੜ ਦੀ ਚੇਤਾਵਨੀ
ਦੇਸ਼ ਦੇ ਕਈ ਹਿੱਸਿਆਂ ’ਚ ਮੌਸਮ ਦਾ ਮਿਜ਼ਾਜ ਬਦਲਣ ਲੱਗਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ-ਸਵੇਰੇ ਹੋਈ ਬੂੰਦਾ-ਬਾਂਦੀ ਨਾਲ ਗਰਮੀ ਹਾਲ ਦੀ ਘੜੀ ਦੂਰ ਨੱਸ ਗਈ ਹੈ ਤੇ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ।
ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ’ਚ ਮੌਸਮ ਦਾ ਮਿਜ਼ਾਜ ਬਦਲਣ ਲੱਗਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ-ਸਵੇਰੇ ਹੋਈ ਬੂੰਦਾ-ਬਾਂਦੀ ਨਾਲ ਗਰਮੀ ਹਾਲ ਦੀ ਘੜੀ ਦੂਰ ਨੱਸ ਗਈ ਹੈ ਤੇ ਮੌਸਮ ਕਾਫ਼ੀ ਸੁਹਾਵਣਾ ਹੋ ਗਿਆ ਹੈ।
ਮੌਸਮ ਵਿਭਾਗ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ, ਰਾਜਸਥਾਨ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਧੂੜ ਭਰੀ ਹਨੇਰੀ ਤੇ ਗਰਜ ਨਾਲ ਛਿੱਟਾਂ ਪੈਣ ਦਾ ਅਨੁਮਾਨ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਕੁਝ ਹਿੱਸਿਆਂ ’ਚ ਗੜੇ ਵੀ ਪੈ ਸਕਦੇ ਹਨ।
ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ’ਚ ਅੱਜ ਵੀਰਵਾਰ ਸਵੇਰੇ ਪਏ ਮੀਂਹ ਨਾਲ ਅਗਲੇ 24 ਘੰਟਿਆਂ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਦੇ ਨਾਲ-ਨਾਲ ਸ਼ੁੱਕਰਵਾਰ ਨੂੰ ਵੀ ਤੇਜ਼ ਹਵਾ ਨਾਲ ਹਲਕੀ ਵਰਖਾ ਹੋਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਕੁਝ ਸਥਾਨਾਂ ’ਤੇ ਅੱਜ ਵੀਰਵਾਰ ਨੂੰ ਵੀ ਧੂੜ ਭਰੀ ਹਨੇਰੀ ਨਾਲ ਛਿੱਟਾਂ ਪੈਣ ਦਾ ਅਨੁਮਾਨ ਪ੍ਰਗਟਾਇਆ ਹੈ। ਪੱਛਮੀ ਗੜਬੜੀ ਕਾਰਣ ਰਾਜ ਵਿੱਚ ਅਗਲੇ ਦੋ ਦਿਨ ਵੱਖੋ-ਵੱਖਰੇ ਸਥਾਨਾਂ ਉੱਤੇ ਗਰਜ ਨਾਲ ਛਿੱਟਾਂ ਪੈਣ ਦਾ ਅਨੁਮਾਨ ਹੈ।
ਦੱਸ ਦਈਏ ਕਿ ਬੁੱਧਵਾਰ ਨੂੰ ਲਖਨਊ, ਆਗਰਾ, ਅਲੀਗੜ੍ਹ, ਹਾਥਰਾਸ, ਏਟਾ, ਕਾਸਗੰਜ, ਬਦਾਯੂੰ, ਸੰਭਲ, ਬਰੇਲੀ, ਪੀਲੀਭੀਤ, ਸ਼ਾਹਜਹਾਂਪੁਰ, ਬਾਂਦਾ, ਹਮੀਰਪੁਰ, ਝਾਂਸੀ, ਲਲਿਤਪੁਰ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ’ਚ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਧੂੜ ਭਰਿਆ ਝੱਖੜ ਝੁੱਲਿਆ। ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਤੇਜ਼ ਹਨੇਰੀ, ਬੱਦਲ ਗਰਜਣ ਤੇ ਬਿਜਲੀ ਚਮਕਣ ਨਾਲ ਮੀਂਹ ਪਿਆ।
ਮੌਸਮ ਵਿਭਾਗ ਨੇ ਰਾਜ ਦੇ ਕੁਝ ਹਿੱਸਿਆਂ ’ਚ ਤੇਜ਼ ਤੇ ਮੋਹਲੇਧਾਰ ਮੀਂਹ ਦੀ ਚੇਤਾਵਨੀ ਦਿੱਤੀ। ਇਨ੍ਹਾਂ ਵਿੱਚ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਪਿਥੌਰਾਗੜ੍ਹ, ਪੌੜੀ ਗੜ੍ਹਵਾਲ, ਬਾਗੇਸ਼ਵਰ ਤੇ ਨੈਨੀਤਾਲ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗ ਪਹਿਲਾਂ ਹੀ ਇਨ੍ਹਾਂ ਇਲਾਕਿਆਂ ’ਚ ਦੋ ਦਿਨ ਬੁੱਧਵਾਰ ਤੇ ਵੀਰਵਾਰ ਲਈ ‘ਔਰੈਂਜ ਅਲਰਟ’ ਜਾਰੀ ਕਰ ਚੁੱਕਾ ਹੈ। ਦੱਸ ਦੇਈਏ ਕਿ ਉੱਤਰਾਖੰਡ ’ਚ ਬੱਦਲ ਫਟਣ ਨਾਲ ਕਾਫ਼ੀ ਤਬਾਹੀ ਹੋਈ ਹੈ।