ਕਾਂਗਰਸ 'ਚ ਮੁੜ ਕਲੇਸ਼! ਮੰਤਰੀਆਂ ਦੀ ਸੂਚੀ 'ਤੇ ਫਿਰ ਲੱਗੀ ਬ੍ਰੇਕ
ਪੰਜਾਬ ਦੇ ਨਵੇਂ ਮੰਤਰੀ ਅੱਜ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅੱਜ ਐਤਵਾਰ ਸ਼ਾਮ 4.30 ਵਜੇ ਚੰਡੀਗੜ੍ਹ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇੱਕ ਨਵਾਂ ਪੇਚ ਫਸ ਗਿਆ ਹੈ।
ਚੰਡੀਗੜ੍ਹ: ਪੰਜਾਬ ਦੇ ਨਵੇਂ ਮੰਤਰੀ ਅੱਜ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅੱਜ ਐਤਵਾਰ ਸ਼ਾਮ 4.30 ਵਜੇ ਚੰਡੀਗੜ੍ਹ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਇੱਕ ਨਵਾਂ ਪੇਚ ਫਸ ਗਿਆ ਹੈ। ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਰਾਣਾ ਗੁਰਜੀਤ ਸਿੰਘ ਦੇ ਨਾਂ ਦਾ ਵਿਰੋਧ ਹੋਇਆ ਹੈ। ਦੇ ਦੁਆਬਾ ਖੇਤਰ ਦੇ ਵਿਧਾਇਕਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਕਾਂਗਰਸ ਦੇ ਸੱਤ ਲੀਡਰਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ ਹੈ। ਇਨ੍ਹਾਂ ਲੀਡਰਾਂ ਨੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਹ ਚਿੱਠੀ 7 ਵਿਧਾਇਕਾਂ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਕੇਪੀ ਨੇ ਲਿਖੀ ਹੈ। ਚਿੱਠੀ ਲਿਖਣ ਵਾਲਿਆਂ ਵਿੱਚ ਵਿਧਾਇਕ ਨਵਤੇਜ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ, ਡਾ. ਰਾਜ ਕੁਮਾਰ, ਪਵਨ ਆਦੀਆ ਤੇ ਸੁਖਪਾਲ ਖਹਿਰਾ ਸ਼ਾਮਲ ਹਨ।
ਦੱਸ ਦਈਏ ਕਿ ਰਾਣਾ ਗੁਰਜੀਤ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਵਿੱਚ ਸਨ। ਫਿਰ ਰੇਤ ਦੀ ਪੁਟਾਈ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਬਾਰੇ ਸੁਆਲ ਖੜ੍ਹੇ ਹੋ ਗਏ ਸਨ। ਫਿਰ ਰਾਹੁਲ ਗਾਂਧੀ ਦੀ ਮਨਜ਼ੂਰੀ ਤੋਂ ਬਾਅਦ ਕੈਪਟਨ ਨੇ ਰਾਣਾ ਦਾ ਅਸਤੀਫਾ ਲੈ ਲਿਆ।
ਰਾਣਾ ਗੁਰਜੀਤ ਦੀ ਵਾਪਸੀ 'ਤੇ ਸਵਾਲ
ਚੰਨੀ ਮੰਤਰੀ ਮੰਡਲ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਨਾਂਅ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਦਾ ਹੈ। ਰਾਣਾ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਵੀ ਸਨ। ਉਨ੍ਹਾਂ ਨੂੰ ਲਗਪਗ 10 ਮਹੀਨਿਆਂ ਬਾਅਦ ਆਪਣਾ ਅਹੁਦਾ ਛੱਡਣਾ ਪਿਆ ਸੀ। ਉਸ ਸਮੇਂ ਕਪਤਾਨ ਨੇ ਉਨ੍ਹਾਂ ਦਾ ਬਚਾਅ ਕੀਤਾ ਸੀ। ਉਨ੍ਹਾਂ ਨੇ ਵਿਵਾਦ ਵਧਣ ਤੋਂ ਬਾਅਦ ਅਸਤੀਫਾ ਦੇਣ ਦੀ ਗੱਲ ਕਹੀ ਸੀ। ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਹੀ ਕੈਪਟਨ ਨੂੰ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਨਾ ਪਿਆ ਸੀ।
ਹੁਣ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਏ ਵਿਚਾਰ-ਵਟਾਂਦਰੇ ਵਿੱਚ ਰਾਣਾ ਦੀ ਵਾਪਸੀ ਨੂੰ ਲੈ ਕੇ ਕਾਂਗਰਸ 'ਤੇ ਸਵਾਲ ਉੱਠ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵੀ ਰਾਣਾ ਗੁਰਜੀਤ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਆਗੂ ਨੂੰ ਕੈਬਨਿਟ ਮੰਤਰੀ ਬਣਾ ਕੇ ਕਾਂਗਰਸ ਕੀ ਸੁਨੇਹਾ ਦੇਣਾ ਚਾਹੁੰਦੀ ਹੈ।
ਮੁੱਖ ਮੰਤਰੀ ਚਰਨਜੀਤ ਚੰਨੀ ਨਵੀਂ ਸਥਿਤੀ ਬਾਰੇ ਸ਼ਨੀਵਾਰ ਦੇਰ ਰਾਤ ਤੱਕ ਕਾਂਗਰਸ ਹਾਈ ਕਮਾਂਡ ਨਾਲ ਗੱਲ ਕਰਦੇ ਰਹੇ। ਚੰਨੀ ਮੰਤਰੀ ਮੰਡਲ ਦੇ ਨਵੇਂ ਚਿਹਰਿਆਂ ਦਾ ਹਾਲੇ ਰਸਮੀ ਐਲਾਨ ਨਹੀਂ ਕੀਤਾ ਗਿਆ। ਫਿਰ ਵੀ, ਜਿਹੜੀ ਸੂਚੀ ਸਾਹਮਣੇ ਆਈ ਹੈ, ਉਸ ਤੋਂ ਬਾਅਦ ਕਾਂਗਰਸ ਦੇ ਅੰਦਰ ਹੀ ਹਲਚਲ ਸ਼ੁਰੂ ਹੋ ਗਈ ਹੈ। ਰਾਣਾ ਦੀ ਥਾਂ 'ਤੇ ਹੁਣ ਕਾਕਾ ਰਣਦੀਪ ਸਿੰਘ ਨਾਭਾ ਦਾ ਨਾਂ ਆ ਰਿਹਾ ਹੈ।
ਹੁਣ ਤੱਕ ਚੰਨੀ ਕੈਬਨਿਟ ਦੀ ਜੋ ਸੰਭਾਵਨਾ ਸਾਹਮਣੇ ਆਈ ਹੈ, ਉਸ ਵਿੱਚ 6 ਵਿਧਾਇਕ ਹਨ, ਜੋ ਪਹਿਲੀ ਵਾਰ ਮੰਤਰੀ ਬਣਨਗੇ। ਪੰਜਾਬ ਵਿੱਚ ਮੁੱਖ ਮੰਤਰੀ ਦੇ ਬਦਲਣ ਦੇ ਨਾਲ, ਇੱਕ ਨਵੀਂ ਕੈਬਨਿਟ ਦਾ ਗਠਨ ਵੀ ਕੀਤਾ ਗਿਆ ਹੈ। ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਅੰਤਿਮ ਸੂਚੀ ਵਿੱਚ ਜਿਨ੍ਹਾਂ ਨਾਵਾਂ ਉੱਤੇ ਮੋਹਰ ਲੱਗੀ ਸੀ, ਉਨ੍ਹਾਂ ਵਿੱਚ 8 ਕੈਪਟਨ ਸਰਕਾਰ ਵੇਲੇ ਵੀ ਕੈਬਨਿਟ ਵਿੱਚ ਸਨ, ਜੋ ਹੁਣ ਵਾਪਸ ਆ ਰਹੇ ਦੱਸੇ ਜਾਂਦੇ ਹਨ।
ਕੈਪਟਨ ਦੇ 6 ਨਜ਼ਦੀਕੀਆਂ ਦੀ ਛੁੱਟੀ ਵੀ ਕਰ ਦਿੱਤੀ ਗਈ ਹੈ। ਸਨਿੱਚਰਵਾਰ ਨੂੰ ਲੰਬੀ ਸੋਚ ਵਿਚਾਰ ਤੋਂ ਬਾਅਦ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲੇ ਤੇ ਉਨ੍ਹਾਂ ਨੂੰ ਅੱਜ ਦਾ ਸਮਾਂ ਮਿਲਿਆ।
ਇਨ੍ਹਾਂ ਮੰਤਰੀਆਂ ਦੀ ਵਾਪਸੀ
ਮਨਪ੍ਰੀਤ ਬਾਦਲ, ਵਿਜੇਇੰਦਰ ਸਿੰਗਲਾ, ਰਜ਼ੀਆ ਸੁਲਤਾਨਾ, ਬ੍ਰਹਮ ਮਹਿੰਦਰਾ, ਅਰੁਣਾ ਚੌਧਰੀ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਬਾਜਵਾ ਤੇ ਸੁੱਖ ਸਰਕਾਰੀਆ ਪੰਜਾਬ ਮੰਤਰੀ ਮੰਡਲ ਵਿੱਚ ਵਾਪਸੀ ਕਰ ਰਹੇ ਹਨ।
ਇਹ ਹੋਣਗੇ ਨਵੇਂ ਮੰਤਰੀ
ਮੰਤਰੀਆਂ ਦੇ ਦਰਜੇ ਵਿੱਚ ਰਾਜਕੁਮਾਰ ਵੇਰਕਾ, ਪ੍ਰਗਟ ਸਿੰਘ, ਸੰਗਤ ਗਿਲਜੀਆਂ, ਗੁਰਕੀਰਤ ਕੋਟਲੀ, ਕੁਲਜੀਤ ਨਾਗਰਾ, ਰਾਣਾ ਗੁਰਜੀਤ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ।
ਇਨ੍ਹਾਂ 5 ਮੰਤਰੀਆਂ ਦੀ ਹੋਈ ਛੁੱਟੀ
ਸਾਧੂ ਸਿੰਘ ਧਰਮਸੋਤ, ਬਲਵੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਕਾਂਗੜ ਤੇ ਸੁੰਦਰ ਸ਼ਾਮ ਅਰੋੜਾ ਨੂੰ ਕੈਪਟਨ ਦੇ ਮੰਤਰੀ ਮੰਡਲ ਵਿੱਚੋਂ ਨਵੇਂ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਮਿਲੀ ਹੈ।