ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਲਾਗ ਦੇ ਵੱਧ ਰਹੇ ਮਾਮਲਿਆਂ ਨੇ ਸਰਕਾਰ ਨੂੰ ਸੀਬੀਐਸਈ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੱਸ ਦੇਈਏ ਕਿ ਸੀਬੀਐਸਈ ਦੀ ਬੋਰਡ ਪ੍ਰੀਖਿਆ 4 ਮਈ, 2021 ਤੋਂ ਸ਼ੁਰੂ ਹੋ ਰਹੀ ਹੈ। ਉੱਥੇ ਹੀ ਸਿੱਖਿਆ ਮੰਤਰਾਲਾ ਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਕੀ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਮੁਤਲਵੀ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ। ਉੱਥੇ ਹੀ 20 ਦਿਨ ਬਾਅਦ ਸ਼ੁਰੂ ਹੋਣ ਜਾ ਰਹੀ ਪ੍ਰੀਖਿਆ ਨੂੰ ਲੈ ਕੇ ਵਿਦਿਆਰਥੀ ਭੰਬਲਭੂਸੇ ’ਚ ਹਨ।


ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ


ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਅੰਗਰੇਜੀ ਅਖ਼ਬਾਰ ‘ਟਾਈਮਸ ਆਫ਼ ਇੰਡੀਆ’ ਨੂੰ ਦੱਸਿਆ, “ਇਸ ਸਮੇਂ ਕੋਰੋਨ ਲਾਗ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਇਸ ਲਈ ਚਰਚਾ ਦਾ ਵਿਸ਼ਾ ਸਿਰਫ਼ ਬੋਰਡ ਪ੍ਰੀਖਿਆ ਦੀਆਂ ਤਰੀਕਾਂ ਹਨ। ਪ੍ਰੀਖਿਆ ’ਚ ਅਜੇ ਤਿੰਨ ਹਫ਼ਤੇ ਬਾਕੀ ਹਨ। ਹਾਲਾਤ ਦੇ ਮੱਦੇਨਜ਼ਰ ਕੋਵਿਡ ਲਾਗ ਤੇ ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਵਿੱਚ ਵਾਧੇ ਸਮੇਤ ਸਥਿਤੀ ਦੇ ਮੁਲਾਂਕਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਮੇਂ ਵਿਚਾਰ-ਵਟਾਂਦਰੇ ਦੀ ਤਰਜੀਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਹੈ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।”


ਪ੍ਰੀਖਿਆ ਦੀਆਂ ਤਰੀਕਾਂ 'ਤੇ ਮੁੜ ਵਿਚਾਰ ਕਰਨ ਲਈ ਤਿਆਰ ਸਰਕਾਰ


ਉੱਥੇ ਹੀ ‘ਇੰਡੀਅਨ ਐਕਸਪ੍ਰੈਸ’ ਦੀ ਇਕ ਰਿਪੋਰਟ ਦੇ ਅਨੁਸਾਰ ਸਰਕਾਰ ਪ੍ਰੀਖਿਆ ਦੀਆਂ ਤਰੀਕਾਂ 'ਤੇ ਮੁੜ ਵਿਚਾਰ ਕਰਨ ਲਈ ਤਿਆਰ ਹੈ। ਹਾਲਾਂਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਉਹ ਕੀ ਤਬਦੀਲੀਆਂ ਕਰਨਗੇ। ਹਾਲਾਂਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਸਰਕਾਰ ਨੇ ਦੁਹਰਾਇਆ ਸੀ ਕਿ ਪ੍ਰੀਖਿਆਵਾਂ ਤਹਿ ਕੀਤੇ ਸਮੇਂ ਅਨੁਸਾਰ ਕਰਵਾਈਆਂ ਜਾਣਗੀਆਂ।


ਮਹਾਰਾਸ਼ਟਰ ’ਚ ਬੋਰਡ ਦੀਆਂ ਪ੍ਰੀਖਿਆਵਾਂ ਮੁਲਤਵੀ


ਸੋਮਵਾਰ ਨੂੰ ਮਹਾਰਾਸ਼ਟਰ ਦੇ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ। ਵਰਸ਼ਾ ਗਾਇਕਵਾੜ ਨੇ ਕਿਹਾ ਸੀ, “ਮਹਾਰਾਸ਼ਟਰ ਦੀ ਮੌਜੂਦਾ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਅਸੀਂ 10ਵੀਂ ਤੇ 12ਵੀਂ ਜਮਾਤ ਲਈ ਸਟੇਟ ਬੋਰਡ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। 12ਵੀਂ ਦੀਆਂ ਪ੍ਰੀਖਿਆਵਾਂ ਮਈ ਦੇ ਅੰਤ ਤਕ, ਜਦਕਿ ਦਸਵੀਂ ਦੀਆਂ ਪ੍ਰੀਖਿਆਵਾਂ ਜੂਨ ’ਚ ਹੋਣਗੀਆਂ।” ਉਨ੍ਹਾਂ ਇਹ ਵੀ ਕਿਹਾ ਸੀ, “ਅਸੀਂ ਸੀਬੀਐਸਈ, ਆਈਸੀਐਸਈ, ਆਈਬੀ, ਕੈਂਬਰਿਜ ਬੋਰਡ ਨੂੰ ਵੀ ਚਿੱਠੀ ਲਿਖਾਂਗੇ ਅਤੇ ਉਨ੍ਹਾਂ ਨੂੰ ਪ੍ਰੀਖਿਆ ਦੀਆਂ ਤਰੀਕਾਂ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਾਂਗੇ।”


ਪ੍ਰਿਅੰਕਾ ਗਾਂਧੀ ਨੇ ਬੋਰਡ ਦੀ ਪ੍ਰੀਖਿਆ ਰੱਦ ਕਰਨ ਲਈ ਸਿੱਖਿਆ ਮੰਤਰੀ ਨੂੰ ਚਿੱਠੀ ਲਿਖੀ ਸੀ


ਪਿਛਲੇ ਹਫ਼ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ੰਕ ਨੂੰ ਇੱਕ ਚਿੱਠੀ ਲਿਖੀ ਸੀ ਅਤੇ ਕਿਹਾ ਸੀ, “ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੀਬੀਐਸਈ ਨੇ ਮਾਪਿਆਂ ਦੁਆਰਾ ਖਦਸ਼ਾ ਜ਼ਾਹਰ ਕਰਨ ਦੇ ਬਾਵਜੂਦ ਪ੍ਰੀਖਿਆ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਜਦੋਂ ਦੇਸ਼ ਵਿੱਚ ਲਾਗ ਦੀ ਦੂਜੀ ਲਹਿਰ ਚੱਲ ਰਹੀ ਹੈ ਤਾਂ ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀਆਂ ਦੇ ਇਕੱਠੇ ਹੋਣ ਕਾਰਨ ਮਹਾਂਮਾਰੀ ਫੈਲਣ ਦੀ ਪੂਰੀ ਸੰਭਾਵਨਾ ਹੈ।”


ਉਨ੍ਹਾਂ ਇਹ ਵੀ ਕਿਹਾ ਸੀ ਕਿ ਵੱਡੇ ਅਤੇ ਭੀੜ-ਭੜੱਕੇ ਵਾਲੇ ਪ੍ਰੀਖਿਆ ਕੇਂਦਰਾਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਮਲੀ ਤੌਰ’ਤੇ ਅਸੰਭਵ ਹੋਵੇਗਾ। ਇਸ ਤੋਂ ਇਲਾਵਾ ਵਾਇਰਸ ਦੇ ਸੁਭਾਅ ਅਤੇ ਫੈਲਣ ਦੇ ਤਰੀਕੇ ਨੂੰ ਵੇਖਦਿਆਂ ਇਹ ਸਿਰਫ ਵਿਦਿਆਰਥੀਆਂ ਲਈ ਨਹੀਂ, ਸਗੋਂ ਉਨ੍ਹਾਂ ਦੇ ਅਧਿਆਪਕਾਂ, ਸੁਪਰਵਾਈਜ਼ਰਾਂ ਅਤੇ ਪਰਿਵਾਰਕ ਮੈਂਬਰਾਂ ਲਈ ਜੋਖਮ ਭਰਿਆ ਹੋਵੇਗਾ, ਜੋ ਉਨ੍ਹਾਂ ਦੇ ਸੰਪਰਕ ’ਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਪ੍ਰੀਖਿਆ ਕੇਂਦਰ ਇਸ ਲਾਗ ਦੌਰਾਨ ਹੌਟਸਪੌਟ ਸਾਬਤ ਹੁੰਦਾ ਹੈ ਤਾਂ ਸਰਕਾਰ ਅਤੇ ਸੀਬੀਐਸਈ ਬੋਰਡ ਇਸ ਘਟਨਾ ਲਈ ਜ਼ਿੰਮੇਵਾਰ ਹੋਣਗੇ।


ਉੱਥੇ ਹੀ ਉੱਤਰ ਪ੍ਰਦੇਸ਼’ਚ ਯੋਗੀ ਆਦਿੱਤਿਆਨਾਥ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰਾਂ ਵਰਗੇ ਸਾਰੇ ਵਿਦਿਅਕ ਅਦਾਰੇ 30 ਅਪ੍ਰੈਲ 2021 ਤੱਕ ਬੰਦ ਰਹਿਣਗੇ।


ਇਹ ਵੀ ਪੜ੍ਹੋ: ਡਿਪਟੀ ਕਮਿਸ਼ਨਰ ਬਣ ਕੇ ਵੀ ਕਿਸਾਨ ਦਾ ਪੁੱਤ ਕਿਸਾਨ, ਸੰਗਰੂਰ ਦੇ ਡੀਸੀ ਨੌਕਰੀ ਨਾਲ ਕਰ ਰਹੇ ਹੱਥੀਂ ਖੇਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI