Education Loan Information:
Calculate Education Loan EMIਪੇਪਰਾਂ 'ਚੋਂ ਫੇਲ੍ਹ ਹੋਣ 'ਤੇ ਵਿਦਿਆਰਥੀ ਨੇ ਚੁੱਕਿਆ ਹੌਲਨਾਕ ਕਦਮ
ਏਬੀਪੀ ਸਾਂਝਾ | 29 Mar 2019 05:05 PM (IST)
ਬਰਨਾਲਾ: ਅੱਲ੍ਹੜ ਉਮਰੇ ਪੜ੍ਹਾਈ ਵਿੱਚ ਹੋਰ ਮਿਹਨਤ ਕਰਨ ਦੀ ਥਾਂ ਮਨਪ੍ਰੀਤ ਨੇ ਮੌਤ ਨੂੰ ਗਲ਼ ਲਾਉਣਾ ਵੱਧ ਸੌਖਾ ਸਮਝਿਆ। ਉਹ ਵੀ ਇਸ ਕਰਕੇ ਕਿ ਮਨਪ੍ਰੀਤ 11ਵੀਂ ਜਮਾਤ ਵਿੱਚੋਂ ਪਾਸ ਨਹੀਂ ਸੀ ਹੋ ਸਕਿਆ। ਮਨਪ੍ਰੀਤ ਦੀ ਮੌਤ ਦਾ ਜ਼ਿੰਮੇਵਾਰ ਪੂਰਾ ਸਿੱਖਿਆ ਤੰਤਰ ਬਣ ਗਿਆ ਹੈ, ਜਿਸ ਨੇ ਬੱਚਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕ ਦਿੱਤਾ ਹੈ। ਮਨਪ੍ਰੀਤ ਸਿੰਘ ਬਰਨਾਲਾ ਦੇ ਏਅਰ ਫੋਰਸ ਸਟੇਸ਼ਨ ਸਥਿਤ ਕੇਂਦਰੀ ਵਿਦਿਆਲਾ ਦਾ ਵਿਦਿਆਰਥੀ ਸੀ। ਇਸ ਵਾਰ ਉਸ ਦੀ ਜਮਾਤ ਵਿੱਚ ਸਿਰਫ਼ ਇੱਕ ਵਿਦਿਆਰਥੀ ਪਾਸ ਹੋਇਆ ਹੈ ਤੇ ਬਾਕੀ ਸਾਰੇ ਜਣੇ ਫੇਲ੍ਹ ਹੋ ਗਏ ਹਨ। 9ਵੀਂ ਜਮਾਤ ਵਿੱਚ 28 ਬੱਚੇ ਫੇਲ੍ਹ ਹੋਏ ਹਨ। ਜਿੱਥੇ ਹੋਰ ਵਿਦਿਆਰਥੀ ਵਿਸ਼ਿਆਂ 'ਤੇ ਪਕੜ ਨਾ ਹੋਣ ਕਾਰਨ ਫੇਲ੍ਹ ਹੋਣ ਦੀ ਸੱਟ ਜਰ ਗਏ, ਮਨਪ੍ਰੀਤ ਇਹ ਦੁੱਖ ਸਹਾਰ ਨਾ ਸਕਿਆ ਤੇ ਉਸ ਨੂੰ ਨਮੋਸ਼ੀ ਸਹਿਣ ਨਾਲੋਂ ਮਰਨਾ ਸੌਖਾ ਲੱਗਾ। ਮਨਪ੍ਰੀਤ ਦੇ ਸਾਥੀ ਗੁਰਜੀਤ ਸਿੰਘ ਤੇ ਉਸ ਦੇ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਸਕੂਲ ਵਿੱਚ ਜ਼ਿਆਦਾਤਰ ਅਧਿਆਪਕ ਠੇਕੇ 'ਤੇ ਰੱਖੇ ਜਾਂਦੇ ਹਨ, ਜੋ ਛੇ ਮਹੀਨੇ ਜਾਂ ਵੱਧ ਤੋਂ ਵੱਧ ਇੱਕ ਸੈਸ਼ਨ ਪੜ੍ਹਾਉਂਦੇ ਹਨ, ਫਿਰ ਕਿਤੇ ਹੋਰ ਚਲੇ ਜਾਂਦੇ ਹਨ। ਅਜਿਹੇ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਤਾਲਮੇਲ ਹੀ ਸਹੀ ਨਹੀਂ ਬੈਠਦਾ ਤੇ ਉਨ੍ਹਾਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਮਨਪ੍ਰੀਤ ਇਕੱਲਾ ਨਹੀਂ, ਜਿਸ ਨੇ ਅਜਿਹਾ ਹੌਲਨਾਕ ਕਦਮ ਚੁੱਕਿਆ ਹੋਵੇ। ਪਿਛਲੇ ਕੁਝ ਦਿਨਾਂ ਵਿੱਚ ਇਸ ਸਕੂਲ ਦੇ ਤਿੰਨ ਵਿਦਿਆਰਥੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ। ਮਨਪ੍ਰੀਤ ਦੇ ਵਾਰਸਾਂ ਨੇ ਸਰਕਾਰ ਨੂੰ ਸਕੂਲਾਂ ਦੇ ਇਸ ਵਰਤਾਰੇ 'ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਭੰਗ ਦੇ ਭਾਣੇ ਨਾ ਜਾਣ।