ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ‘ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ’ (CBSE) 12ਵੀਂ ਕਲਾਸ ਦੇ ਸਿਰਫ਼ ਮੁੱਖ ਵਿਸ਼ਿਆਂ ਭਾਵ ‘ਮੇਜਰ ਸਬਜੈਕਟਸ’ ਦੀ ਪ੍ਰੀਖਿਆ ਲੈਣ ਉੱਤੇ ਵਿਚਾਰ ਕਰ ਰਿਹਾ ਹੈ। ਮਹਾਮਾਰੀ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਜਾ ਸਕਦਾ ਹੈ ਕਿ ਕੁਝ ਖ਼ਾਸ ਵਿਸ਼ਿਆਂ ਦੇ ਇਮਤਿਹਾਨ ਲੈ ਲਏ ਜਾਣ ਅਤੇ ਬਾਕੀ ਵਿਸ਼ਿਆਂ ਦੇ ਨੰਬਰ ਉਸ ਇਮਤਿਹਾਨ ਦੀ ਕਾਰਗੁਜ਼ਾਰੀ ਅਨੁਸਾਰ ਲਾ ਦਿੱਤੇ ਜਾਣ, ਇਸ ਲਈ ਕੋਈ ਫ਼ਾਰਮੂਲਾ ਅਪਣਾਇਆ ਜਾ ਸਕਦਾ ਹੈ।


ਇਸ ਦੇ ਨਾਲ ਹੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਜਿਹੜੇ ਵਿਦਿਆਰਥੀ ਕੋਰੋਨਾਵਾਇਰਸ ਕਾਰਣ ਪ੍ਰੀਖਿਆ ਨਹੀਂ ਦੇ ਸਕਣਗੇ, ਉਨ੍ਹਾਂ ਨੂੰ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ।


ਸਰਕਾਰ ਨੇ ਕੋਰੋਨਾ ਦੀ ਦੂਜੀ ਲਹਿਰ ਕਾਰਣ 12ਵੀਂ ਬੋਰਡ ਦੀ ਪ੍ਰੀਖਿਆ ਟਾਲ਼ ਦਿੱਤੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਐਤਵਾਰ ਨੂੰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮੰਤਰੀਆਂ ਤੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ’ਚ 12ਵੀਂ ਜਮਾਤ ਦੀ ਪ੍ਰੀਖਿਆ ਤੇ ਪ੍ਰੋਫ਼ੈਸ਼ਨਲ ਐਜੂਕੇਸ਼ਨ ਦੀ ਦਾਖ਼ਲਾ ਪ੍ਰੀਖਿਆ ਬਾਰੇ ਕੋਈ ਫ਼ੈਸਲਾ ਹੋ ਸਕਦਾ ਹੈ। ਇਸ ਮੀਟਿੰਗ ’ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਪ੍ਰਕਾਸ਼ ਜਾਵਡੇਕਰ ਵੀ ਸ਼ਾਮਲ ਹੋਣਗੇ।


CBSE ਦੇ 12ਵੀਂ ਜਮਾਤ ’ਚ 174 ਵਿਸ਼ੇ, 20 ਮੇਜਰ


CBSE ਵੱਲੋਂ 12ਵੀਂ ਜਮਾਤ ’ਚ ਕੁੱਲ 174 ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਨ੍ਹਾਂ ਵਿੱਚੋਂ ਸਿਰਫ਼ 20 ਨੂੰ ਹੀ ‘ਮੇਜਰ ਸਬਜੈਕਟ’ ਮੰਨਿਆ ਜਾਂਦਾ ਹੈ; ਜਿਨ੍ਹਾਂ ਵਿੱਚ ਫ਼ਿਜ਼ਿਕਸ, ਕੈਮਿਸਟ੍ਰੀ, ਮੈਥੇਮੈਟਿਕਸ, ਬਾਇਓਲੌਜੀ, ਹਿਸਟ੍ਰੀ, ਪੋਲਿਟੀਕਲ ਸਾਇੰਸ, ਬਿਜ਼ਨੇਸ ਸਟੱਡੀਜ਼, ਅਕਾਊਂਟੈਂਸੀ, ਜਿਓਗ੍ਰਾਫ਼ੀ, ਇਕਨੌਮਿਕਸ ਤੇ ਅੰਗਰੇਜ਼ੀ ਸ਼ਾਮਲ ਹਨ। CBSE ਦਾ ਕੋਈ ਵੀ ਵਿਦਿਆਰਥੀ ਘੱਟੋ-ਘੱਟ 5 ਅਤੇ ਵੱਧ ਤੋਂ ਵੱਧ 6 ਵਿਸ਼ੇ ਲੈਂਦਾ ਹੈ; ਜਿਨ੍ਹਾਂ ਵਿੱਚੋਂ 4 ਮੇਜਰ ਸਬਜੈਕਟ ਹੁੰਦੇ ਹਨ।


ਪ੍ਰੀਖਿਆ ਲਈ CBSE ਕੋਲ ਦੋ ਵਿਕਲਪ


CBSE ਪ੍ਰੀਖਿਆ ਲਈ ਇਨ੍ਹਾਂ ਦੋ ਤਰੀਕਿਆਂ ਉੱਤੇ ਵਿਚਾਰ ਕਰ ਰਿਹਾ ਹੈ:


ਪਹਿਲਾ-ਸਿਰਫ਼ ਮੇਜਰ ਸਬਜੈਕਟਸ ਦੀ ਪ੍ਰੀਖਿਆ ਨਿਰਧਾਰਤ ਸੈਂਟਰਜ਼ ਉੱਤੇ ਕਰਵਾਈ ਜਾ ਸਕਦੀ ਹੈ। ਇਨ੍ਹਾਂ ਪ੍ਰੀਖਿਆ ਦੇ ਅੰਕਾਂ ਨੂੰ ਆਧਾਰ ਬਣਾ ਕੇ ਮਾਈਨਰ ਸਬਜੈਕਟਸ ਵਿੱਚ ਵੀ ਨੰਬਰ ਦਿੱਤੇ ਜਾ ਸਕਦੇ ਹਨ। ਇਸ ਵਿਕਲਪ ਅਧੀਨ ਪ੍ਰੀਖਿਆ ਕਰਵਾਉਣ ਲਈ ਪ੍ਰੀ ਇਗਜ਼ਾਮ ਲਈ 1 ਮਹੀਨਾ, ਇਗਜ਼ਾਮ ਤੇ ਰਿਜ਼ਲਟ ਐਲਾਨਣ ਲਈ 2 ਮਹੀਨੇ ਤੇ ਕੰਪਾਰਟਮੈਂਟ ਪ੍ਰੀਖਿਆ ਲਈ 45 ਦਿਨਾਂ ਦਾ ਸਮਾਂ ਚਾਹੀਦਾ ਹੋਵੇਗਾ। ਇਹ ਵਿਕਲਪ ਕੇਵਲ ਤਦ ਹੀ ਅਪਣਾਇਆ ਜਾ ਸਕਦਾ, ਜੇ CBSE ਕੋਲ 3 ਮਹੀਨਿਆਂ ਦੀ ਵਿੰਡੋ ਹੋਵੇ।


ਦੂਜੇ ਵਿਕਲਪ ’ਚ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਲਈ ਡੇਢ ਘੰਟੇ ਭਾਵ 90 ਮਿੰਟਾਂ ਦਾ ਸਮਾਂ ਤੈਅ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੇਪਰ ਵਿੱਚ ਸਿਰਫ਼ ਆਬਜੈਕਟਿਵ ਜਾਂ ਸ਼ਾਰਟ ਕੁਐਸਚਨਜ਼ ਹੀ ਪੁੱਛਣ ਦੀ ਸਲਾਹ ਦਿੱਤੀ ਹੈ। ਇਸ ਤਰ੍ਹਾਂ 45 ਦਿਨਾਂ ਵਿੱਚ ਹੀ ਪ੍ਰੀਖਿਆਵਾਂ ਕਰਵਾਈਆਂ ਜਾ ਸਕਦੀਆਂ ਹਨ। ਇਹ ਵੀ ਕਿਹਾ ਗਿਆ ਹੈ ਕਿ 12ਵੀਂ ਦੇ ਬੱਚਿਆਂ ਦੇ ਮੇਜਰ ਸਬਜੈਕਟਸ ਦੀ ਪ੍ਰੀਖਿਆ ਉਨ੍ਹਾਂ ਦੇ ਹੀ ਸਕੂਲ ਵਿੱਚ ਲਈ ਜਾਵੇ। ਨਾਲ ਹੀ ਇਗਜ਼ਾਮੀਨੇਸ਼ਨ ਸੈਂਟਰਜ਼ ਦੀ ਗਿਣਤੀ ਵਧਾ ਕੇ ਦੁੱਗਣੀ ਕਰ ਦਿੱਤੀ ਜਾਵੇ।


ਇਲੈਕਟਿਵ ਸਬਜੈਕਟ ਦੇ 3 ਤੇ ਲੈਂਗੁਏਜ ਦਾ ਇੱਕ ਪੇਪਰ


ਸੁਝਾਵਾਂ ’ਚ ਕਿਹਾ ਗਿਆ ਹੈ ਕਿ 12ਵੀਂ ਕਲਾਸ ਦੀ ਪ੍ਰੀਖਿਆ ਵਿੱਚ ਇੱਕ ਪੇਪਰ ਭਾਸ਼ਾ ਨਾਲ ਸਬੰਧਤ ਤੇ 3 ਪੇਪਰ ਇਲੈਕਟਿਵ ਸਬਜੈਕਟਸ ਦੇ ਰੱਖੇ ਜਾਣ।  5ਵੇਂ ਤੇ 6ਵੇਂ ਸਬਜੈਕਟ ਦੇ ਨੰਬਰ ਇਲੈਕਟਿਵ ਸਬਜੈਕਟ ’ਚ ਹਾਸਲ ਕੀਤੇ ਅੰਕਾਂ ਦੇ ਆਧਾਰ ਉੱਤੇ ਦਿੱਤੇ ਜਾਣ। ਜਿਹੜੇ ਇਲਾਕਿਆਂ ’ਚ ਕੋਰੋਨਾ ਮਹਾਮਾਰੀ ਦਾ ਇੰਨਾ ਜ਼ੋਰ ਨਹੀਂ, ਉੱਥੇ ਇੱਕ ਗੇੜ ਵਿੱਚ ਹੀ ਤੇ ਜਿੱਥੇ ਵਾਇਰਸ ਦੀ ਲਾਗ ਦੇ ਮਾਮਲੇ ਜ਼ਿਆਦਾ ਹਨ; ਉੱਥੇ ਦੋ ਗੇੜਾਂ ਵਿੱਚ ਇਹ ਪ੍ਰੀਖਿਆ ਕਰਵਾਈ ਜਾ ਸਕਦੀ ਹੈ।


ਇਹ ਵੀ ਪੜ੍ਹੋ: ਪਿੰਡ ਬਾਦਲ ’ਚ ਚੱਲ ਰਿਹਾ ਸੀ ਗ਼ੈਰ ਕਾਨੂੰਨੀ ਸ਼ਰਾਬ ਦਾ ਵੱਡਾ ਪਲਾਂਟ, ਇੰਝ ਖੁੱਲ੍ਹਿਆ ਭੇਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI