ਜੀਂਦ: ਕਿਸਾਨਾਂ ਵਲੋਂ ਲਗਾਤਾਰ ਕੇਂਦਰ ਤੋਂ ਕਨੂੰਨ ਰੱਦ ਕਰਵਾਉਣ ਲਈ ਰਣਨੀਤੀਆਂ ਘੜੀਆਂ ਜਾ ਰਹੀਆਂ ਹਨ। ਪੰਜਾਬ ਤੇ ਹਰਿਆਣਾ 'ਚ ਕਿਸਾਨਾਂ ਵਲੋਂ ਟੋਲ ਫ੍ਰੀ ਕੀਤੇ ਹੋਏ ਹਨ। ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਅੱਜ ਜੀਂਦ ਵਿੱਚ ਖਟਕੜ ਟੋਲ ਪਲਾਜ਼ਾ 'ਤੇ ਕਿਸਾਨਾਂ ਨਾਲ ਮਿਲੇ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਸਾਡੀ ਲੜਾਈ ਅਧਿਕਾਰੀਆਂ ਨਾਲ ਅਤੇ ਪੁਲਿਸ ਨਾਲ ਨਹੀਂ ਹੈ। ਸਾਡੀ ਲੜਾਈ ਸਿਆਸੀ ਲੀਡਰਾਂ ਨਾਲ ਹੈ।




ਉਨ੍ਹਾਂ ਕਿਹਾ ਕੋਈ ਵੀ ਲੀਡਰ ਪਿੰਡ ਵਿੱਚ ਆਏ ਤਾਂ ਉਸ ਦੀ ਚੰਗੀ ਤਰ੍ਹਾਂ ਤਸੱਲੀ ਜ਼ਰੂਰ ਕਰਵਾ ਦਿਓ। ਉਨ੍ਹਾਂ ਨੂੰ ਪਿੰਡਾ ਵਿੱਚ ਨਾ ਵੜਣ ਦਿੱਤਾ ਜਾਵੇ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਇੱਕ ਕਿਸਾਨ ਲੀਡਰ ਦੇਵੀਲਾਲ ਹੋਏ ਹਨ। ਜਿਨ੍ਹਾਂ  ਦੇ ਨਾਮ ਨੂੰ ਦੁਸ਼ਯੰਤ ਚੌਟਾਲਾ ਨੇ ਦਾਗ਼ੀ ਕਰ ਦਿੱਤਾ ਹੈ। ਇੱਕ ਕਿਸਾਨ ਲੀਡਰ ਹੋਏ ਹਨ ਛੋਟੂਰਾਮ ਜਿਨ੍ਹਾਂ ਦੇ ਨਾਂ ਨੂੰ ਉਨ੍ਹਾਂ ਦੇ ਦੋਹਤੇ ਵਿਰੇਂਦਰ ਸਿੰਘ ਨੇ ਬਦਨਾਮ ਕਰ ਦਿੱਤਾ ਹੈ। ਕਿਸਾਨ ਆਗੂਆਂ ਦੇ ਨਾਮ ਬਦਨਾਮ ਕਰ ਇਹ ਦੋਨ੍ਹੋਂ ਆਪਣੀ ਰਾਜਨੀਤੀ ਵਿੱਚ ਵਿਅਸਤ ਹੋ ਗਏ ਹਨ।




ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਲੜਾਈ ਜਨਤਾ ਵਰਸਿਜ਼ ਕੋਰਪੋਰੇਟ ਹੈ। ਤਿੰਨ ਦਿਨ ਦਾ ਟੋਲ ਫ੍ਰੀ ਕਰਵਾਕੇ ਜਨਤਾ ਨੇ ਕੋਰਪੋਰੇਟ ਨੂੰ ਇੱਕ ਵੱਡਾ ਝੱਟਕਾ ਦਿੱਤਾ ਹੈ। ਹੁਣ ਇਹ ਇੱਕ ਅੰਦੋਲਨ ਨਹੀਂ ਧਰਮ ਯੁੱਧ ਬਣ ਚੁੱਕਿਆ ਹੈ। ਹੁਣ ਲੜਾਈ ਜਨਤਾ ਤੇ ਰਾਜ ਦਰਮਿਆਨ ਹੈ। ਉਨ੍ਹਾਂ ਕਿਹਾ ਕਿ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਿਸਾਨ ਜਾਗ ਪਏ ਹਨ। ਅਤੇ ਰਾਜਾਂ ਵਿੱਚ ਵੀ ਜਾਗਰੂਕਤਾ ਲਿਆਉਣ ਲਈ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਦੂਸਰੇ ਰਾਜਾਂ ਦੇ ਕਿਸਾਨ ਵੀ ਆਪਣੇ ਪੱਧਰ 'ਤੇ ਲੜ ਸਕਣ।