ਜੀਂਦ: ਹਰਿਆਣਾ ਦੇ ਜੀਂਦ ਵਿੱਚ ਕਿਸਾਨ ਲਈ ਸਰਕਾਰ ਦੇ ਕਹਿਣ 'ਤੇ ਝੋਨੇ ਦੀ ਖੇਤੀ ਛੱਡਣਾ ਘਾਟੇ ਦਾ ਸੌਦਾ ਸਾਬਿਤ ਹੋਇਆ ਹੈ। ਜੀਂਦ ਦੇ ਪਿੰਡ ਰਧਾਣਾ ਦੇ ਇੱਕ ਕਿਸਾਨ ਦਲਬੀਰ ਨੇ ਇਸ ਵਾਰ ਮੇਰਾ ਪਾਣੀ ਮੇਰੀ ਵਿਰਾਸਤ ਸਕੀਮ ਤਹਿਤ ਝੋਨੇ ਦੀ ਥਾਂ 2 ਏਕੜ ਵਿੱਚ ਕਪਾਹ ਦੀ ਕਾਸ਼ਤ ਕੀਤੀ। ਸਰਕਾਰ ਦੀ ਯੋਜਨਾ ਇਹ ਸੀ ਕਿ ਜਿਹੜੇ ਕਿਸਾਨ ਝੋਨੇ ਦੀ ਬਜਾਏ ਦੂਜੀ ਫਸਲ ਦੀ ਕਾਸ਼ਤ ਕਰਨਗੇ ਉਨ੍ਹਾਂ ਨੂੰ ਪ੍ਰਤੀ ਏਕੜ 7000 ਦਿੱਤਾ ਜਾਵੇਗਾ।
ਇਸ ਯੋਜਨਾ ਦਾ ਲਾਭ ਲੈਣ ਲਈ ਜਦੋਂ ਦਲਬੀਰ ਅਧਿਕਾਰੀਆਂ ਨੂੰ ਮਿਲੇ ਤਾਂ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦਾ ਪੋਰਟਲ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਸਕੀਮ ਵਿੱਚ ਬਿਨੈ ਕਰਨ ਦੀ ਤਰੀਕ ਨਿਕਲ ਗਈ ਹੈ। ਮਾਮਲੇ ਨੂੰ ਲੈ ਕੇ ਦਲਬੀਰ ਭਾਰਤੀ ਕਿਸਾਨ ਯੂਨੀਅਨ ਨਾਲ ਜੀਂਦ ਦੇ ਡੀਸੀ ਨੂੰ ਮਿਲੇ ਅਤੇ ਇਸ ਮਾਮਲੇ ਸੰਬੰਧੀ ਇੱਕ ਮੰਗ ਪੱਤਰ ਦਿੱਤਾ। ਫਿਰ ਵੀ ਦਲਬੀਰ ਪੋਰਟਲ 'ਤੇ ਕਪਾਹ ਦੀ ਖੇਤੀ ਨਹੀਂ ਲਿਖਵਾ ਸਕਿਆ।
ਦਲਬੀਰ ਨੇ ਇਹ ਵੀ ਦਾਅਵਾ ਕੀਤਾ ਕਿ 75% ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਸਕਿਆ ਕਿਉਂਕਿ ਲੌਕਡਾਊਨ ਕਾਰਨ ਜਦੋਂ ਤੱਕ ਕਿਸਾਨਾਂ ਨੂੰ ਇਸ ਸਕੀਮ ਬਾਰੇ ਪਤਾ ਚੱਲਿਆ ਉਦੋਂ ਤੱਕ ਪੋਰਟਲ ਬੰਦ ਕਰ ਦਿੱਤਾ ਗਿਆ। ਕਿਸਾਨ ਦੇ ਅਨੁਸਾਰ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀਆਂ ਯੋਜਨਾਵਾਂ ਦੀ ਆਖਰੀ ਤਾਰੀਖ ਨਿਰਧਾਰਤ ਨਾਕੀਤੀ ਜਾਵੇ।
ਰਹਿੰਦੀ ਕਸਰ ਕਪਾਹ ਦੀ ਖੇਤੀ ਨੇ ਕਰ ਦਿੱਤੀ। ਚਿੱਟੀ ਮੱਖੀ ਨੇ ਕਪਾਹ ਦੀ ਫਸਲ ਨੂੰ ਵਿਗਾੜ ਦਿੱਤਾ ਅਤੇ ਫਸਲ ਦਾ ਪੂਰਾ ਮੁੱਲ ਨਹੀਂ ਮਿਲ ਸਕਿਆ। ਦਲਬੀਰ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਝੋਨੇ ਦੀ ਕਾਸ਼ਤ ਕੀਤੀ ਹੁੰਦੀ ਤਾਂ ਉਸ ਦਾ ਇੰਝ ਨੁਕਸਾਨ ਨਾ ਹੁੰਦਾ। ਉਸ ਨੂੰ ਨਾ ਤਾਂ ਸਰਕਾਰ ਵੱਲੋਂ 14000 ਮਿਲੇ ਅਤੇ ਨਾ ਹੀ ਕਪਾਹ ਦੀ ਫਸਲ ਦਾ ਪੂਰਾ ਮੁੱਲ ਮਿਲਿਆ। ਦਲਬੀਰ ਲਈ ਖੇਤੀ ਕਰਨਾ ਇੱਕ ਮਜਬੂਰੀ ਹੈ।