ਟਰੈਕਟਰਾਂ 'ਚ ਤੇਲ ਭਰ ਕੇ ਰੱਖਣ ਕਿਸਾਨ, ਕਦੇ ਵੀ ਆ ਸਕਦੀ ਦਿੱਲੀ ਦੀ ਕਾਲ, ਟਿਕੈਤ ਨੇ ਕੀਤਾ ਵੱਡਾ ਦਾਅਵਾ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਦੇ ਸਵਾਲ 'ਤੇ ਕਿਹਾ ਹੈ ਕਿ ਅਸੀਂ ਸੋਧ ਨਹੀਂ ਚਾਹੁੰਦੇ, ਕਾਨੂੰਨ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।
ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਦੇ ਸਵਾਲ 'ਤੇ ਕਿਹਾ ਹੈ ਕਿ ਅਸੀਂ ਸੋਧ ਨਹੀਂ ਚਾਹੁੰਦੇ, ਕਾਨੂੰਨ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਾਮਲੀ ਦੀ ਮਹਾਂਪੰਚਿਤ ਵਿੱਚ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਟਰੈਕਟਰਾਂ 'ਚ ਤੇਲ ਭਰ ਲੈਣ, ਦਿੱਲੀ ਦੀ ਕਾਲ ਕਦੇ ਵੀ ਆ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਂਸਦ-ਵਿਧਾਇਕ ਆਪਣੀ ਪੈਨਸ਼ਨ ਛੱਡ ਦੇਣ।
ਰਾਕੇਸ਼ ਟਿਕੈਤ ਨੇ ਕਿਹਾ, “ਅਸੀਂ ਸੋਧ ਨਹੀਂ ਚਾਹੁੰਦੇ, ਕਾਨੂੰਨ ਖਤਮ ਹੋ ਜਾਣੇ ਚਾਹੀਦੇ ਹਨ, ਤੁਸੀਂ ਬਿਨਾਂ ਪੁੱਛੇ ਕਾਨੂੰਨ ਬਣਾਇਆ ਅਤੇ ਫਿਰ ਪੁੱਛਦੇ ਹੋ ਕਿ ਇਸ 'ਚ ਕੀ ਘਾਟ ਹੈ? ਅਨਾਜ ਨੂੰ ਤਿਜੌਰੀ 'ਚ ਬੰਦ ਕਰਨਾ ਚਾਹੁੰਦੇ ਹੋ, ਭੁੱਖ 'ਤੇ ਵਪਾਰ ਕਰਨਾ ਚਾਹੁੰਦੇ ਹੋ, ਅਜਿਹਾ ਨਹੀਂ ਹੋਵੇਗਾ।"
ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਬਾਗਪਤ ਵਿੱਚ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਕਿਸਾਨ 40 ਲੱਖ ਟਰੈਕਟਰਾਂ ਨਾਲ ਦਿੱਲੀ ਪਹੁੰਚ ਜਾਣਗੇ। ਮਹਾਂ ਪੰਚਾਇਤ ਵਿਖੇ ਉਨ੍ਹਾਂ ਕਿਹਾ, “ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦਿੱਲੀ 'ਚ ਜਾਰੀ ਰਹੇਗਾ। ਦੇਸ਼ ਭਰ ਤੋਂ ਕਿਸਾਨ 40 ਲੱਖ ਟਰੈਕਟਰਾਂ ਨਾਲ ਦਿੱਲੀ ਪਹੁੰਚਣਗੇ। ਕਿਸਾਨ ਟਰੈਕਟਰ 'ਚ ਤੇਲ ਪਾ ਕੇ ਤਿਆਰ ਹਨ। ਖੇਤੀਬਾੜੀ ਕਾਨੂੰਨ ਬਣਨ ਤੋਂ ਪਹਿਲਾਂ, ਉਦਯੋਗਪਤੀਆਂ ਦੇ ਗੋਦਾਮ ਬਣ ਗਏ। ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਭੱਜਣਾ ਪਏਗਾ।”