ਪੰਜਾਬ ਸਰਕਾਰ ਕੱਲ੍ਹ ਲੋਕਾਂ ਨੂੰ ਦੇ ਸਕਦੀ ਇੱਕ ਹੋਰ ਤੋਹਫਾ, ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ?
ਪੰਜਾਬ ਸਰਕਾਰ ਕੱਲ੍ਹ ਲੋਕਾਂ ਨੂੰ ਇੱਕ ਹੋਰ ਤੋਹਫਾ ਦੇ ਸਕਦੀ ਹੈ। ਕੈਬਨਿਟ ਮੀਟਿੰਗ 'ਚ ਪੈਟਰੋਲ-ਡੀਜ਼ਲ ਤੋਂ ਵੈਟ ਘਟਾਉਣ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ।
ਲੁਧਿਆਣਾ: ਪੰਜਾਬ ਸਰਕਾਰ ਕੱਲ੍ਹ ਲੋਕਾਂ ਨੂੰ ਇੱਕ ਹੋਰ ਤੋਹਫਾ ਦੇ ਸਕਦੀ ਹੈ। ਕੈਬਨਿਟ ਮੀਟਿੰਗ 'ਚ ਪੈਟਰੋਲ-ਡੀਜ਼ਲ ਤੋਂ ਵੈਟ ਘਟਾਉਣ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਮਗਰੋਂ ਹਰਿਆਣਾ ਤੇ ਹਿਮਾਚਲ ਸਣੇ ਕਈ ਸੂਬਿਆਂ ਨੇ ਪੈਟਰੋਲ-ਡੀਜ਼ਲ ਤੋਂ ਵੈਟ ਘਟਾ ਦਿੱਤਾ ਹੈ। ਹੁਣ ਪੰਜਾਬ ਨੂੰ ਵੀ ਵੈਟ ਘਟਾਉਣਾ ਹੀ ਪਵੇਗਾ।
ਲੁਧਿਆਣਾ ਪਹੁੰਚੇ ਮਨਪ੍ਰੀਤ ਬਾਦਲ ਨੇ ਇਸ ਬਾਰੇ ਕਿਹਾ ਹੈ ਕੱਲ੍ਹ ਸੂਬਾ ਸਰਕਾਰ ਕੈਬਨਿਟ ਮੀਟਿੰਗ ਵਿੱਚ ਪੈਟਰੋਲ ਡੀਜ਼ਲ 'ਤੇ ਵੈਟ ਘਟਾਉਣ ਸਬੰਧੀ ਕੋਈ ਫ਼ੈਸਲਾ ਲੈ ਸਕਦੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਪੈਟਰੋਲ ਤੇ ਡੀਜ਼ਲ 'ਤੇ ਟੈਕਸ ਵਿੱਚ ਕਟੌਤੀ ਕਰਕੇ ਰਾਹਤ ਦਿੱਤੀ ਹੈ, ਉਸ ਨੂੰ ਲੈ ਕੇ ਸੂਬਾ ਸਰਕਾਰ ਵੀ ਜਲਦ ਕੋਈ ਨਾ ਕੋਈ ਐਲਾਨ ਜ਼ਰੂਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕਿੰਨਾ ਹੋਵੇਗਾ ਹਾਲਾਂਕਿ ਇਹ ਕੈਬਨਿਟ ਦੀ ਕੱਲ੍ਹ ਹੋਣ ਵਾਲੀ ਮੀਟਿੰਗ ਵਿੱਚ ਹੀ ਸਾਫ ਹੋ ਸਕੇਗਾ ਪਰ ਕੋਈ ਨਾ ਕੋਈ ਰਾਹਤ ਆਮ ਲੋਕਾਂ ਨੂੰ ਜ਼ਰੂਰ ਦਿੱਤੀ ਜਾਵੇਗੀ।
ਇਸ ਦੌਰਾਨ ਲਗਾਤਾਰ ਵਧ ਰਹੀ ਕੱਚੇ ਮਾਲ ਦੀਆਂ ਕੀਮਤਾਂ ਕਰਕੇ ਲੁਧਿਆਣਾ ਇੰਡਸਟਰੀ ਨੂੰ ਦਰਪੇਸ਼ ਆ ਰਹੀ ਮੁਸ਼ਕਲਾਂ ਬਾਰੇ ਉਨ੍ਹਾਂ ਕਿਹਾ ਕਿ ਬੀਤੇ ਇੱਕ ਸਾਲ ਵਿੱਚ ਸਟੀਲ ਦੀਆਂ ਕੀਮਤਾਂ ਲਗਪਗ ਦੁੱਗਣੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਕੁ ਘਰਾਣੇ ਹੀ ਦੇਸ਼ ਵਿੱਚ ਸਟੀਲ ਬਣਾ ਰਹੇ ਹਨ। ਇਸ ਕਰਕੇ ਸਟੀਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅਪੀਲ ਕਰਨਗੇ ਕਿ ਸਰਕਾਰ ਇਸ 'ਤੇ ਕੋਈ ਨਾ ਕੋਈ ਰਾਹਤ ਉਦਯੋਗਪਤੀਆਂ ਨੂੰ ਜ਼ਰੂਰ ਦੇਵੇ।
ਭਗਵਾਨ ਵਿਸ਼ਵਕਰਮਾ ਮੰਦਰ ਪਹੁੰਚੇ ਮਨਪ੍ਰੀਤ ਬਾਦਲ ਵੱਲੋਂ ਜਿੱਥੇ ਵਿਸ਼ਵਕਰਮਾ ਮੰਦਰ ਦੀ ਉਸਾਰੀ ਲਈ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ, ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਵੀ ਪੀੜਤ ਹਨ, ਜਿਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਹੈ, ਉਹ ਚੰਡੀਗੜ੍ਹ ਦਫ਼ਤਰ ਤੱਕ ਪਹੁੰਚ ਕਰ ਸਕਦਾ ਹੈ ਜਾਂ ਮੇਲ ਰਾਹੀਂ ਆਪਣੀ ਤਕਲੀਫ ਦੱਸ ਸਕਦਾ ਹੈ, ਉਸ ਦਾ ਤੁਰੰਤ ਨਿਪਟਾਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਮ ਜਨਤਾ ਦੀ ਮਾਂ-ਪਿਉ ਵਾਂਗ ਹੁੰਦੀ ਹੈ, ਉਹ ਆਪਣੀ ਫਰਿਆਦ ਲੈ ਕੇ ਹੀ ਸਰਕਾਰ ਕੋਲ ਨਹੀਂ ਜਾਣਗੇ ਤਾਂ ਕਿਸ ਕੋਲ ਜਾਣਗੇ।