ਬੀਜੇਪੀ ਲੀਡਰਾਂ 'ਤੇ ਹਮਲਿਆਂ ਬਾਰੇ ਗਵਰਨਰ ਦਾ ਐਕਸ਼ਨ, ਪੰਜਾਬ ਸਰਕਾਰ ਤੋਂ ਰਿਪੋਰਟ ਤਲਬ
ਪੰਜਾਬ ਅੰਦਰ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦੇ ਘਿਰਾਓ ਦੌਰਾਨ ਹਮਲਿਆਂ ਬਾਰੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਸਖਤ ਨੋਟਿਸ ਲਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰ ਲਈ ਹੈ।
ਚੰਡੀਗੜ੍ਹ: ਪੰਜਾਬ ਅੰਦਰ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦੇ ਘਿਰਾਓ ਦੌਰਾਨ ਹਮਲਿਆਂ ਬਾਰੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਸਖਤ ਨੋਟਿਸ ਲਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰ ਲਈ ਹੈ। ਰਾਜਪਾਲ ਭਵਨ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ’ਚ ਕਿਹਾ ਗਿਆ ਹੈ ਕਿ ਭਾਜਪਾ ਲੀਡਰਾਂ ਤੇ ਵਰਕਰਾਂ ’ਤੇ ਹੋਏ ਹਰ ਹਮਲੇ ਦੀ ਕੇਸ ਅਨੁਸਾਰ ਕਾਰਵਾਈ ਰਿਪੋਰਟ ਦਿੱਤੀ ਜਾਵੇ।
ਪੰਜਾਬ ਬੀਜੇਪੀ ਦੇ ਵਫ਼ਦ ਨੇ 5 ਜੁਲਾਈ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਹਮਲਿਆਂ ਦੀ ਗੱਲ ਰੱਖਦਿਆਂ ਸੁਰੱਖਿਆ ਸਬੰਧੀ ਮੰਗ ਪੱਤਰ ਸੌਂਪਿਆ ਸੀ। ਰਾਜਪਾਲ ਨੇ ਕਿਹਾ ਕਿ ਪੰਜਾਬ ਪੁਲਿਸ ਇਨ੍ਹਾਂ ਘਟਨਾਵਾਂ ’ਚ ਸਹਿਯੋਗ ਨਹੀਂ ਕਰ ਰਹੀ। ਰਾਜਪਾਲ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਵਾਪਰੇ।
ਰਾਜਪਾਲ ਭਵਨ ਨੇ ਹਰ ਘਟਨਾ ਦੀ ਵੱਖੋ-ਵੱਖਰੀ ਰਿਪੋਰਟ ਮੰਗੀ ਹੈ, ਜਿਸ ਤੋਂ ਜਾਪਦਾ ਹੈ ਕਿ ਉਹ ਭਾਜਪਾ ਆਗੂਆਂ ਦੀ ਸੁਰੱਖਿਆ ਸਬੰਧੀ ਫਿਕਰਮੰਦ ਹਨ। ਰਾਜਪਾਲ ਨੂੰ ਪਹਿਲਾਂ ਵੀ ਅਪਰੈਲ ਮਹੀਨੇ ਵਿੱਚ ਭਾਜਪਾ ਆਗੂਆਂ ਦਾ ਵਫ਼ਦ ਮਿਲਿਆ ਸੀ, ਉਦੋਂ ਵੀ ਗਵਰਨਰ ਨੇ 2 ਅਪਰੈਲ, 2021 ਨੂੰ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ।
ਉਹ ਰਿਪੋਰਟ ਸਮੁੱਚੇ ਰੂਪ ਵਿੱਚ ਮੰਗੀ ਗਈ ਸੀ, ਜਦੋਂ ਕਿ ਹੁਣ ਹਰੇਕ ਕੇਸ ਵੀ ਵੱਖ-ਵੱਖ ਮੰਗੀ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਡੀਜੀਪੀ ਪੰਜਾਬ ਨੂੰ ਭਾਜਪਾ ਆਗੂਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ।