ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੇ ਇਲਾਜ ਲਈ ਨਵਾਂ ਪ੍ਰੋਟੋਕੋਲ ਜਾਰੀ ਕੀਤਾ ਹੈ। ਸਿਹਤ ਮੰਤਰਾਲੇ ਨੇ ਐਂਟੀ-ਵਾਇਰਲ ਡਰੱਗ ਰੇਮਡੇਸੀਵਰ, ਇਮਿਊਨ ਸਿਸਟਮ ਵਧਾਉਣ ਵਾਲੀ ਦਵਾਈ ਟੋਸੀਲੀਜ਼ੁਮੈਬ ਤੇ ਪਲਾਜ਼ਮਾ ਥੈਰੇਪੀ ਦੇ ਤਹਿਤ ਜਾਂਚ ਦੇ ਨਾਲ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੰਤਰਾਲੇ ਨੇ ਰੇਮਡੇਸੀਵਰ ਤੇ ਪਲਾਜ਼ਮਾ ਥੈਰੇਪੀ ਦੋਵਾਂ ਨਾਲ ਇਲਾਜ ਬੰਦ ਕਰ ਦਿੱਤਾ ਸੀ।


ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ਕਲੀਨਿਕਲ ਮੈਨੇਜਮੈਂਟ ਪ੍ਰੋਟੋਕੋਲ ਦੀ ਸਮੀਖਿਆ ਰਿਪੋਰਟ ਤੋਂ ਬਾਅਦ ਇਨ੍ਹਾਂ ਦਵਾਈਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਦਵਾਈ ਦੀ ਕਿੰਨੀ ਮਾਤਰਾ ਮਰੀਜ਼ ਨੂੰ ਦਿੱਤੀ ਜਾਣੀ ਚਾਹੀਦੀ ਹੈ, ਇਸ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।




ਨਵੀਂ ਰਿਪੋਰਟ ‘ਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਸ਼ੁਰੂਆਤੀ ਪੜਾਅ 'ਤੇ ਐਂਟੀ-ਮਲੇਰੀਅਲ ਡਰੱਗ ਹਾਈਡਰੋਕਸਾਈਕਲੋਰੋਕਿਨ ਦੇਣ ਦਾ ਸੁਝਾਅ ਹੈ। ਹਾਲਾਂਕਿ, ਗੰਭੀਰ ਮਾਮਲਿਆਂ ਵਿੱਚ ਇਸ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਦਵਾਈ ਮਰੀਜ਼ ਨੂੰ ਈਸੀਜੀ ਤੋਂ ਬਾਅਦ ਹੀ ਦਿੱਤੀ ਜਾਣੀ ਚਾਹੀਦੀ ਹੈ। ਰੇਮਡੇਸੀਵਰ ਇੱਕ RNA ਪੋਲੀਮਰੇਜ਼ ਇਨਿਹਿਬਟਰ ਟੀਕਾ ਹੈ। ਇਹ ਅਫਰੀਕਾ ਦੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਈਬੋਲਾ ਦਾ ਇਲਾਜ ਕਰਨ ਲਈ ਇੱਕ ਯੂਐਸ ਫਾਰਮਾਸਿਊਟੀਕਲ ਕੰਪਨੀ ਗਿਲਿਅਡ ਸਾਇੰਸਜ਼ ਦੁਆਰਾ ਬਣਾਈ ਗਈ ਸੀ।



ਜਦਕਿ ਮਰੀਜ਼ਾਂ ਦਾ ਇਲਾਜ਼ ਪਲਾਜ਼ਮਾ ਥੈਰੇਪੀ ਦੁਆਰਾ ਵੀ ਸੰਭਵ ਹੈ। ਕਿਸੇ ਵਿਸ਼ਾਣੂ ਦੀ ਚਪੇਟ ਤੋਂ ਬਾਅਦ, ਮਨੁੱਖੀ ਸਰੀਰ ਐਂਟੀ-ਬਾਡੀ ਪੈਦਾ ਕਰਦਾ ਹੈ। ਜਦੋਂ ਐਂਟੀ-ਬਾਡੀ ਕਾਫ਼ੀ ਹੁੰਦਾ ਹੈ, ਤਾਂ ਸਰੀਰ ਵਿਚਲਾ ਵਾਇਰਸ ਆਪਣੇ ਆਪ ਖਤਮ ਹੋ ਜਾਂਦਾ ਹੈ। ਅਜਿਹੀ ਸਥਿਤੀ ‘ਚ ਇੱਕ ਵਿਅਕਤੀ ਦੇ ਲਹੂ ‘ਚੋਂ ਪਲਾਜ਼ਮਾ ‘ਚ ਮੌਜੂਦ ਐਂਟੀਬਾਡੀਜ਼ ਨੂੰ ਦੂਜੇ ਦੇ ਸਰੀਰ ‘ਚ ਪਾ ਕੇ ਸੁਧਾਰ ਕੀਤਾ ਜਾ ਸਕਦਾ ਹੈ।