ਟਰੈਕਟਰ ਦੀ ਲਿਫਟ ਚੋਂ 15 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ: ਬੀਐਸਐਫ ਨੇ ਬੀਓਪੀ ਕੱਕੜ ਤੋਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅੰਤਰ-ਰਾਸ਼ਟਰੀ ਬਜ਼ਾਰ 'ਚ ਇਸ ਹੈਰੋਇਨ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪਾਕਿਸਤਾਨੀ ਤਸਕਰਾਂ ਨੇ ਭਾਰਤ 'ਚ ਹੈਰੋਇਨ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨੀ ਤਸਕਰਾਂ ਨੇ ਟਰੈਕਟਰ ਦੇ ਪਿਛਲੇ ਹਿੱਸੇ 'ਚ ਹੈਰੋਇਨ ਲੁਕਾ ਕੇ ਭੇਜਣ ਦੀ ਕੋਸ਼ਿਸ਼ ਕੀਤੀ। ਬੀਐਸਐਫ ਜਵਾਨਾਂ ਵੱਲੋਂ ਜਦੋਂ ਸ਼ੱਕ ਦੇ ਆਧਾਰ 'ਤੇ ਟਰੈਕਟਰ ਦੀ ਤਲਾਸ਼ੀ ਲਈ ਗਈ ਤਾਂ ਇਸ ਦੌਰਾਨ ਉਨ੍ਹਾਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ।
ਬੀਐਸਐਫ ਕਮਾਡੈਂਟ ਆਰਸੀ ਸ਼ਰਮਾ ਨੇ ਦੱਸਿਆ ਕਿ ਟਰੈਕਟਰ ਦੇ ਪਿੱਛੇ ਲੱਗੀ ਲਿਫਟ ਨੂੰ ਖਾਲੀ ਕਰਕੇ ਉਸਨੂੰ ਹੈਰੋਇਨ ਨਾਲ ਭਰਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਪਾਕਿਸਤਾਨੀ ਤਸਕਰ ਭਾਰਤ 'ਚ ਹੈਰੋਇਨ ਭੇਜਣ ਦੀਆਂ ਕਈ ਕੋਸ਼ਿਸ਼ਾਂ ਕਰ ਚੁੱਕੇ ਹਨ ਪਰ ਹਰ ਵਾਰ ਉਹ ਨਾਕਾਮ ਰਹੇ ਹਨ।






















