ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਵਿਰੋਧੀ ਧਿਰ ਦੇ 10 ਸੰਸਦ ਮੈਂਬਰਾਂ ਨੂੰ ਪੁਲਿਸ ਨੇ ਅੱਜ ਵੀਰਵਾਰ ਨੂੰ ਗ਼ਾਜ਼ੀਪੁਰ ਬਾਰਡਰ ਉੱਤੇ ਅੱਗੇ ਜਾਣ ਤੋਂ ਰੋਕ ਦਿੱਤਾ। ਭਾਰਤੀ ਜਨਤਾ ਪਾਰਟੀ ਦੇ ਸਾਬਕਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਟਵਿਟਰ ਉੱਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰ ਉੱਤੇ ਹਮਲਾ ਕੀਤਾ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸੰਸਦ ਮੈਂਬਰਾਂ ਤੱਕ ਨੂੰ ਕਿਸਾਨਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।

ਉਨ੍ਹਾਂ ਟਵੀਟ ਕਰ ਕੇ ਲਿਖਿਆ,‘ਅਕਾਲੀ ਦਲ ਆਪਣੀਆਂ ਹਮਖ਼ਿਆਲ ਪਾਰਟੀਆਂ ਨਾਲ ਐਮਪੀਜ਼ ਨੂੰ ਇੰਝ ਰੋਕਣ ਤੇ ਕਿਸਾਨਾਂ ਉੱਤੇ ਢਾਹੇ ਜਾ ਰਹੇ ਤਸ਼ੱਦਦ ਦੀ ਨਿਖੇਧੀ ਕਰਦਾ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸੰਸਦ ਮੈਂਬਰ ਤੱਕ ਵੀ ਨਹੀਂ ਮਿਲ ਸਕਦੇ। ਇਹ ਅਸਲ ਵਿੱਚ ਲੋਕਤੰਤਰ ਲਈ ਕਾਲਾ ਦਿਨ ਹੈ।’



ਦੱਸ ਦੇਈਏ ਕਿ ਅੱਜ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ, ਦ੍ਰਵਿੜ ਮੁਨੇਤਰ ਕਸ਼ਗਮ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ 15 ਸੰਸਦ ਮੈਂਬਰ ਗਾਜ਼ੀਪੁਰ ਬਾਰਡਰ ਉੱਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਜਾ ਰਹੇ ਸਨ ਪਰ ਉਨ੍ਹਾਂ ਨੂੰ ਪੁਲਿਸ ਨਾਕਿਆਂ ਦੇ ਪਾਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਐਨਸੀਪੀ ਦੇ ਸੰਸਦ ਮੈਂਬਰ ਸੁਪ੍ਰਿਯਾ ਸੁਲੇ, ਡੀਐਮਕੇ ਦੇ ਕਨੀਮੋਈ ਤੇ ਤਿਰੂਚੀ ਸ਼ਿਵਾ, ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ ਇਸ ਸਮੂਹ ਦਾ ਹਿੱਸਾ ਸਨ। ਨੈਸ਼ਨਲ ਕਾਨਫ਼ਰੰਸ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਤੇ ਇੰਡੀਅਨ ਮੁਸਲਿਮ ਲੀਗ ਦੇ ਮੈਂਬਰ ਵੀ ਇਸ ਵਿੱਚ ਸ਼ਾਮਲ ਸਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੰਸਦ ਵਿੱਚ ਇੱਕ ਚਰਚਾ ਦੌਰਾਨ ਅਨੇਕ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਵਿਵਾਦਗ੍ਰਸਤ ਕਾਨੂੰਨ ਵਾਪਸ ਲੈਣ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ‘ਦੁਸ਼ਮਣਾਂ ਵਰਗਾ’ ਵਿਵਹਾਰ ਨਾ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋਰਿਹਾਅ ਹੋਣ ਮਗਰੋਂ ਪੱਤਰਕਾਰ ਮਨਦੀਪ ਪੂਨੀਆ ਦਾ ਐਲਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904