ਪੜਚੋਲ ਕਰੋ
2019 ਦੀਆਂ ਲੋਕ ਸਭਾ ਚੋਣਾਂ 'ਤੇ 'ਆਪ' ਦਾ U-ਟਰਨ, ਕਰੇਗੀ ਇੱਕ ਚੌਥਾਈ ਉਮੀਦਵਾਰ ਖੜ੍ਹੇ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਸਾਲ 2019 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੀ ਤਿਆਰੀ ਨਾਲ ਉੱਤਰਨ ਦੀ ਤਿਆਰੀ ਵਿੱਚ ਹੈ। ਇਨ੍ਹਾਂ ਚੋਣਾਂ ਵਿੱਚ ਪਾਰਟੀ ਦਾ ਟੀਚਾ ਹੈ ਕਿ 100 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਜਾਣ, ਜੋ ਕਿ ਪਿਛਲੀ ਵਾਰ ਦੇ ਅੰਕੜੇ ਤੋਂ ਤਕਰੀਬਨ ਇੱਕ ਚੌਥਾਈ ਹੈ। ਇਨ੍ਹਾਂ ਵਿੱਚੋਂ ਪੰਜਾਬ, ਹਰਿਆਣਾ, ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੀਆਂ ਲੋਕ ਸਭਾ ਸੀਟਾਂ 'ਤੇ ਪਾਰਟੀ ਸਭ ਤੋਂ ਵੱਧ ਧਿਆਨ ਕੇਂਦਰਤ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2014 ਵਿੱਚ ਹੋਈਆਂ ਆਮ ਚੋਣਾਂ ਵਿੱਚ 'ਆਪ' ਨੇ 400 ਤੋਂ ਵੱਧ ਉਮੀਦਵਾਰ ਉਤਾਰੇ ਸਨ, ਪਰ ਸਿਰਫ਼ ਪੰਜਾਬ ਵਿੱਚੋਂ ਹੀ ਚਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੱਸਿਆ ਕਿ ਇਸ ਵਾਰ ਪਾਰਟੀ ਸੰਭਲ ਕੇ ਚੱਲੇਗੀ ਤੇ ਸਿਰਫ਼ 80 ਤੋਂ 100 ਮਜ਼ਬੂਤ ਸੀਟਾਂ 'ਤੇ ਹੀ ਆਪਣੀ ਕਿਸਮਤ ਅਜ਼ਮਾਏਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਜੱਦੀ ਖੇਤਰ ਦਿੱਲੀ ਤੋਂ ਇਲਾਵਾ, ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਵੱਧ ਧਿਆਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚਲੀਆਂ ਲੋਕ ਸਭਾ ਸੀਟਾਂ 'ਤੇ ਵਿਚਾਰ ਕੀਤਾ ਜਾਵੇਗਾ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬ, ਜਿੱਥੋਂ ਪਾਰਟੀ ਦੇ ਚਾਰ ਸੰਸਦ ਮੈਂਬਰ ਹਨ, ਉੱਥੇ ਪਾਰਟੀ ਆਪਣੀ ਪਕੜ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਪੰਜਾਬ ਵਿੱਚ ਪਾਰਟੀ ਬੁਰੀ ਤਰੀਕੇ ਨਾਲ ਪਾਟੋਧਾੜ ਹੋਈ ਪਈ ਹੈ। ਸੁਖਪਾਲ ਖਹਿਰਾ ਦੀ ਅਗਵਾਈ ਵਿੱਚ 20 ਵਿੱਚੋਂ ਕੁੱਲ ਨੌਂ ਵਿਧਾਇਕਾਂ ਨੇ ਪਾਰਟੀ ਹਾਈਕਮਾਨ ਵਿਰੁੱਧ ਖ਼ੁਦਮੁਖ਼ਤਿਆਰੀ ਦਾ ਬਿਗਲ ਵਜਾਇਆ ਹੋਇਆ ਹੈ। ਹਾਲਾਂਕਿ, ਹਾਈਕਮਾਨ ਦਾ ਪੈਗ਼ਾਮ ਲੈ ਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ 'ਡੁੱਲ੍ਹੇ ਬੇਰ' ਇਕੱਠੇ ਕਰਨ ਵਿੱਚ ਜੁਟੇ ਹੋਏ ਹਨ ਅਤੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਦੀ ਕਾਰਜਸ਼ੀਲਤਾ ਮੱਠੀ ਪੈਂਦੀ ਜਾਪਦੀ ਹੈ। ਪਰ ਪੰਜਾਬ ਵਿੱਚ ਪਾਰਟੀ ਦਾ ਵੱਡਾ ਚਿਹਰਾ ਸੁਖਪਾਲ ਖਹਿਰਾ ਨਾਲ ਮਾਨ ਦੇ ਸੁਰ ਵੀ ਨਹੀਂ ਰਲ਼ ਰਹੇ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਕਿਸ ਤਰ੍ਹਾਂ ਪੰਜਾਬ ਦੇ ਮੌਜੂਦਾ ਹਾਲਾਤ ਨਾਲ ਨਜਿੱਠਦੀ ਹੈ, ਕਿਉਂਕਿ ਲੋਕ ਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















