ਕੇਜਰੀਵਾਲ ਨੇ ਨਵੇਂ ਰਾਜ ਸਭਾ ਉਮੀਦਵਾਰਾਂ ਨੂੰ ਦਿੱਤੀ ਵਧਾਈ, ਵਿਕਰਮਜੀਤ ਸਾਹਨੇ ਨਾਲ ਕੀਤੀ ਮੁਲਾਕਾਤ
Kejriwal met Sahney: ਨਾਵਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਕਰਮਜੀਤ ਸਾਹਨੇ ਨਾਲ ਮੁਲਾਕਾਤ ਵੀ ਕੀਤੀ।
Kejriwal met Sahney: ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੀਆਂ ਦੋ ਰਾਜ ਸਭਾ ਸੀਟਾਂ ਲਈ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪ੍ਰਸਿੱਧ ਪੰਜਾਬੀ ਸੱਭਿਆਚਾਰਕ ਪ੍ਰੇਮੀ ਤੇ ਪਦਮ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ। ਰਾਜ ਸਭਾ ਲਈ ਦੋਵੇਂ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ।
ਨਾਵਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੇ ਨੂੰ ਵਧਾਈ ਦਿੱਤੀ ਹੈ। ਉੱਥੇ ਹੀ ਕੇਜਰੀਵਾਲ ਵੱਲੋਂ ਵਿਕਰਮਜੀਤ ਸਾਹਨੇ ਨਾਲ ਮੁਲਾਕਾਤ ਵੀ ਕੀਤੀ।
ਕੇਜਰੀਵਾਲ ਨੇ ਟਵੀਟ ਕਰ ਕਿਹਾ, "ਪੰਜਾਬ ਤੋਂ ਰਾਜ ਸਭਾ ਲਈ ਆਮ ਆਦਮੀ ਪਾਰਟੀ ਦੇ ਐਲਾਨੇ ਗਏ ਦੋਵਾਂ ਉਮੀਦਵਾਰਾਂ ਨੂੰ ਵਧਾਈ। ਮੈਨੂੰ ਯਕੀਨ ਹੈ ਕਿ 'ਆਪ' ਦੇ ਉਮੀਦਵਾਰ, ਆਪਣੇ ਵਿਸ਼ਾਲ ਤਜ਼ਰਬੇ ਅਤੇ ਗਿਆਨ ਦੀ ਵਰਤੋਂ ਕਰਦੇ ਹੋਏ, ਰਾਜ ਸਭਾ ਵਿੱਚ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਬਣਨਗੇ।"
ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਨੇ ਵਾਤਾਵਰਨ ਲਈ ਬਹੁਤ ਚੰਗੇ ਕੰਮ ਕੀਤੇ ਹਨ। ਸਾਲ 2007 ’ਚ ਸੀਚੇੇਵਾਲ ਨੇ 160 ਕਿਲੋਮੀਟਰ ਕਾਲ਼ੀ ਬੇਈ ਨਦੀ ਨੂੰ ਸਾਫ਼ ਕਰਵਾਇਆ ਸੀ। ਇਸ ਸਫ਼ਾਈ ਮੁਹਿੰਮ ਤੋਂ ਬਾਅਦ ਸੰਤ ਸੀਚੇਵਾਲ ਅਤੇ ਉਨ੍ਹਾਂ ਦਾ ਇਹ ਸਫ਼ਾਈ ਮਾਡਲ ਪੂਰੀ ਦੁਨੀਆਂ ’ਚ ਪ੍ਰਸਿੱਧ ਹੋਇਆ ਸੀ। ਵਾਤਾਵਰਨ ਲਈ ਲਗਾਤਾਰ ਨਿਰਸਵਾਰਥ ਕੰਮ ਕਰਨ ’ਤੇ ਸੀਚੇਵਾਲ ਨੂੰ ਪਦਮ ਸ੍ਰੀ ਐਵਾਰਡ ਨਾਲ ਨਿਵਾਜਿਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ‘ਈਕੋ ਬਾਬਾ’ ਦੇ ਨਾਂਅ ਨਾਲ ਵੀ ਸੱਦਦੇ ਹਨ।
ਉਥੇ ਹੀ ਦੂਜੇ ਉਮੀਦਵਾਰ ਵਿਕਰਮਜੀਤ ਸਿੰਘ ਸਾਹਨੀ ਨੇ ਕੋਵਿਡ ਦੇ ਸਮੇਂ ਪੰਜਾਬ ਦੇ ਪੇਂਡੂ ਇਲਾਕਿਆਂ ’ਚ ਲੋਕਾਂ ਦੀ ਮਦਦ ਕੀਤੀ ਅਤੇ ਕੋਵਿਡ 19 ਦੇ ਪ੍ਰਕੋਪ ਤੋਂ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਪੰਜਾਬ ਦੇ ਪਿੰਡਾਂ ’ਚ ਕੋਵਿਡ 19 ਲਈ ਜਾਂਚ ਕਲੀਨਿਕ, ਐਬੂਲੈਂਸ ਅਤੇ ਦੋ ਹਜ਼ਾਰ ਤੋਂ ਜ਼ਿਆਦਾ ਆਕਸੀਜਨ ਸਿਲੰਡਰ ਪ੍ਰਦਾਨ ਕਰਵਾਏ ਸਨ। ਅਫ਼ਗਾਨਿਸਤਾਨ ਤੋਂ ਆਏ 500 ਸਿੱਖਾਂ ਅਤੇ ਹਿੰਦੂਆਂ ਦੇ ਪੁਨਰਵਾਸ ਲਈ ਉਨ੍ਹਾਂ ਨੇ ਕਾਫੀ ਕੰਮ ਕੀਤਾ ।
ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਸਿੱਖਿਆ ਦੇ ਖੇਤਰਾਂ ’ਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਸਾਲਾਂ ਤੋਂ ਸਮਾਜ ਕਲਿਆਣ ਦੇ ਕੰਮਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਮੌਰੀਸ਼ਿਸ ਦੇ ਰਾਸ਼ਟਰਪਤੀ ਨੇ ‘ਅੰਤਰ ਰਾਸ਼ਟਰੀ ਸ਼ਾਂਤੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਪੰਜਾਬੀ ਸੰਸਦੀ ਮੰਚ ਦਾ ਗਠਨ ਕਰਕੇ ਉਨ੍ਹਾਂ ਨੇ ਵਿਸ਼ਵ ਭਰ ’ਚ ਪੰਜਾਬੀ ਸੰਸਕ੍ਰਿਤੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾਇਆ ਹੈ। ਸਾਹਨੀ ਨੇ ‘ਬੋਲੇ ਸੋ ਨਿਹਾਲ’ , ‘ਗੁਰੂ ਮਾਨਿਯੋ ਗਰੰਥ’ ਅਤੇ ‘ਸਰਬੰਸਦਾਨੀ’ ਜਿਹੇ ਕਈ ਪ੍ਰੋਗਰਾਮ ਵੀ ਕਰਵਾਏ ਹਨ ਅਤੇ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਵੀ ਪ੍ਰਦਾਨ ਕੀਤਾ ਹੈ। ਵਿਕਰਮਜੀਤ ਸਿੰਘ ਸਾਹਨੀ ਨੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਅੰਤਰ ਰਾਸ਼ਟਰੀ ਪ੍ਰਧਾਨ ਹੁੰਦਿਆਂ 22 ਤੋਂ ਜ਼ਿਆਦਾ ਦੇਸ਼ਾਂ ਨਾਲ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੰਸਕ੍ਰਿਤਕ ਰਿਸਤੇ ਕਾਇਮ ਕਰਨ ’ਚ ਅਹਿਮ ਯੋਗਦਾਨ ਵੀ ਪਾਇਆ ਹੈ।