ਆਮ ਆਦਮੀ ਪਾਰਟੀ ਕਿਸਾਨਾਂ 'ਤੇ ਹੋਏ ਅੱਤਿਆਚਾਰਾਂ ਖ਼ਿਲਾਫ਼ ਕੱਲ੍ਹ ਨੂੰ ਕਰੇਗੀ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ
ਆਪ ਵੱਲੋਂ ਖੱਟਰ ਸਰਕਾਰ (Khattar Government) ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ (Narendra Modi) ਖ਼ਿਲਾਫ਼ ਸੂਬੇ ਭਰ 'ਚ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਚੰਡੀਗੜ੍ਹ: ਕਰਨਾਲ (Karnal) ਵਿੱਚ ਸ਼ਾਂਤਮਈ ਧਰਨਾਕਾਰੀ ਕਿਸਾਨਾਂ 'ਤੇ ਪੁਲੀਸ (Police) ਵੱਲੋਂ ਕੀਤੇ ਅੱਤਿਆਚਾਰਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ 31 ਅਗਸਤ ਦਿਨ ਨੂੰ ਹਰਿਆਣਾ (Haryana) ਦੀ ਖੱਟਰ ਸਰਕਾਰ (Khattar Government) ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ (Narendra Modi) ਖ਼ਿਲਾਫ਼ ਸੂਬੇ ਭਰ 'ਚ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਇਸ ਦੇ ਨਾਲ ਹੀ ਕਿਸਾਨਾਂ ਦੇ ਸਮਰਥਨ 'ਚ ਡਿਪਟੀ ਕਮਿਸ਼ਨਰਾਂ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ।
ਸੋਮਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ 'ਆਪ' ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, 'ਹਰਿਆਣਾ ਦੇ ਕਰਨਾਲ 'ਚ ਕਿਸਾਨਾਂ 'ਤੇ ਪੁਲੀਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜ਼ਿੰਮੇਵਾਰ ਹਨ, ਕਿਉਂਕਿ ਨਰਿੰਦਰ ਮੋਦੀ ਅਤੇ ਖੱਟਰ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਕਿਸਾਨਾਂ ਦੀ ਆਵਾਜ਼ ਨੂੰ ਤਾਲਿਬਾਨ ਤਸ਼ੱਦਦ ਨਾਲ ਦਬਾਉਣਾ ਚਾਹੁੰਦੀ ਹੈ।'
ਉਨ੍ਹਾਂ ਕਿਹਾ ਕਿ "ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੁਕਮਾਂ 'ਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਅਤੇ 10 ਤੋਂ ਜ਼ਿਆਦਾ ਕਿਸਾਨ ਗੰਭੀਰ ਜ਼ਖ਼ਮੀ ਹੋਏ ਹਨ।"
ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸੰਧਵਾਂ ਨੇ ਕਿਹਾ ਕਿ, "ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ-ਮਜ਼ਦੂਰਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਇਨ੍ਹਾਂ ਸਮੂਹ ਸ਼ਹੀਦਾਂ ਦਾ ਨਾਂਅ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਵੇਗਾ।"
ਨਰਿੰਦਰ ਮੋਦੀ ਅਤੇ ਖੱਟਰ ਸਰਕਾਰ ਦੀ ਅਲੋਚਨਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ''ਭਾਰਤ ਲੋਕਤੰਤਰ ਦੇਸ਼ ਹੈ, ਜੋ ਕਿ ਸੰਵਿਧਾਨ ਅਨੁਸਾਰ ਚੱਲਦਾ ਹੈ। ਦੇਸ਼ ਦੇ ਕਿਸਾਨ ਆਪਣੀਆਂ ਹੱਕੀਂ ਮੰਗਾਂ ਲਈ ਭਾਰਤੀ ਸੰਵਿਧਾਨ ਰਾਹੀਂ ਮਿਲੇ ਰੋਸ ਪ੍ਰਦਰਸ਼ਨ ਦੇ ਹੱਕ ਦੀ ਵਰਤੋਂ ਕਰਕੇ ਸੰਘਰਸ਼ ਕਰ ਰਹੇ ਹਨ, ਪਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਕਿਸਾਨਾਂ ਦੇ ਸੰਵਿਧਾਨਕ ਹੱਕਾਂ 'ਤੇ ਵੀ ਡਾਕੇ ਮਾਰ ਰਹੀਆਂ ਹਨ। ਭਾਜਪਾ ਸਰਕਾਰਾਂ ਨਾਗਰਿਕਾਂ ਤੋਂ ਸੰਵਿਧਾਨ ਹੱਕ ਖੋਹ ਕੇ ਲੋਕਤੰਤਰ ਦੀ ਹੱਤਿਆ ਕਰ ਰਹੀਆਂ ਹਨ।''