ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨਾਲ ਗਠਜੋੜ ਦੀ ਪਹਿਲ ਸ਼ੁਰੂ ਕੀਤੀ ਸੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ ਸੀ, ਜਿਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ ਸਨ।
Delhi Election: ਦਿੱਲੀ ਵਿੱਚ ਅਗਲੇ ਸਾਲ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਸੱਤਾਧਾਰੀ ਆਮ ਆਦਮੀ ਪਾਰਟੀ (Aam aadmi Party) ਹੋਵੇ ਜਾਂ ਭਾਜਪਾ-ਕਾਂਗਰਸ, ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਦਿੱਲੀ 'ਚ ਗਠਜੋੜ ਦੀਆਂ ਸਾਰੀਆਂ ਅਟਕਲਾਂ 'ਤੇ ਰੋਕ ਲੱਗ ਗਈ ਹੈ।
ਆਮ ਆਦਮੀ ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਤਿਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ 'ਆਪ' ਵਿਧਾਨ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ਤੇ ਸਾਰੀਆਂ 70 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਨੇ 70 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਦਾ ਐਲਾਨ ਕੀਤਾ ਸੀ। 70 ਸੀਟਾਂ 'ਤੇ ਉਮੀਦਵਾਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ 'ਚ ਮੰਥਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਪਾਰਟੀ ਆਪਣੇ 11 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ।
ਇਸ ਸੂਚੀ ਵਿੱਚ 6 ਅਜਿਹੇ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ, ਜੋ ਹਾਲ ਹੀ ਵਿੱਚ ਕਾਂਗਰਸ ਜਾਂ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਦੱਸ ਦਈਏ ਕਿ ਜਿਨ੍ਹਾਂ 6 ਨੇਤਾਵਾਂ ਨੇ ਦੂਜੀਆਂ ਪਾਰਟੀਆਂ ਤੋਂ 'ਆਪ' 'ਚ ਸ਼ਾਮਲ ਹੋ ਕੇ ਟਿਕਟਾਂ ਹਾਸਲ ਕੀਤੀਆਂ ਹਨ, ਉਨ੍ਹਾਂ ਨੂੰ ਖੁਦ ਅਰਵਿੰਦ ਕੇਜਰੀਵਾਲ ਨੇ ਪਾਰਟੀ 'ਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ ਭਾਜਪਾ ਤੋਂ ਵਿਧਾਇਕ ਰਹਿ ਚੁੱਕੇ ਦੋ ਆਗੂ ਵੀ ਸ਼ਾਮਲ ਹਨ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨਾਲ ਗਠਜੋੜ ਦੀ ਪਹਿਲ ਸ਼ੁਰੂ ਕੀਤੀ ਸੀ ਪਰ ਕੋਈ ਸਹਿਮਤੀ ਨਹੀਂ ਬਣ ਸਕੀ ਸੀ, ਜਿਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜੀਆਂ ਸਨ। ਸੂਤਰਾਂ ਨੇ ਦੱਸਿਆ ਕਿ ਇੰਡੀਆ ਗਠਜੋੜ ਰਾਸ਼ਟਰੀ ਪੱਧਰ 'ਤੇ ਜਾਰੀ ਰਹੇਗਾ ਪਰ ਦਿੱਲੀ ਵਿਧਾਨ ਸਭਾ ਚੋਣਾਂ ਬਿਨਾਂ ਕਿਸੇ ਗਠਜੋੜ ਤੋਂ ਲੜੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ 'ਆਪ' ਅਤੇ ਕਾਂਗਰਸ ਨੇ ਦਿੱਲੀ ਅਤੇ ਹਰਿਆਣਾ 'ਚ ਗਠਜੋੜ ਨਾਲ ਚੋਣ ਲੜੀ ਸੀ। ਭਾਜਪਾ ਨੇ ਉਸ ਸਮੇਂ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਜਿੱਤੀਆਂ ਸਨ, ਜਦੋਂ ਕਿ 'ਆਪ' ਦਿੱਲੀ ਦੇ ਨਾਲ-ਨਾਲ ਹਰਿਆਣਾ 'ਚ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਸੀ।