ਚੌਟਾਲਾ ਨੇ ਐਸਵਾਈਐਲ ਦਾ ਪਾਣੀ ਲੈਣ ਲਈ ਖੱਟਰ ਨੂੰ ਦੱਸੀ ਤਰਕੀਬ
ਅਭੈ ਚੌਟਾਲਾ ਨੇ ਕਿਹਾ ਕਿ ਜੇਕਰ ਖੱਟਰ ਸਰਕਾਰ ਪੰਜਾਬ ਤੋਂ ਇਸ ਮਸਲੇ ਦਾ ਹੱਲ ਕਰਾਉਣ ਦਾ ਫੈਸਲਾ ਲੈਂਦੀ ਹੈ ਤਾਂ ਉਹ ਸਰਕਾਰ ਨੂੰ ਸਮਰਥਨ ਦੇਣਗੇ।
ਚੰਡੀਗੜ੍ਹ: ਇਕ ਪਾਸੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ ਉੱਥੇ ਹੀ ਦੂਜੇ ਪਾਸੇ ਹਰਿਆਣਾ 'ਚ ਬੀਜੇਪੀ ਲੀਡਰ ਐਸਵਾਈਐਲ ਦਾ ਮੁੱਦਾ ਚੁੱਕੀ ਬੈਠੇ ਹਨ। ਅਜਿਹੇ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਲੀਡਰ ਅਭੈ ਸਿੰਘ ਚੌਟਾਲਾ ਨੇ ਅੱਜ ਕਿਹਾ ਕਿ ਪੰਜਾਬ ਵੱਲੋਂ ਐਸਵਾਈਐਲ ਦੇ ਪਾਣੀ ਦਾ ਹਿੱਸਾ ਦੇਣ ਤਕ ਹਰਿਆਣਾ ਨੂੰ ਪੰਜਾਬ ਨਾਲ ਲੱਗਦੇ ਆਪਣੇ ਬਾਰਡਰ ਬੰਦ ਕਰਕੇ ਲੋਕਾਂ ਤੇ ਸਮਾਨ ਦੀ ਆਵਜਾਈ ਰੋਕ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਖੱਟਰ ਸਰਕਾਰ ਪੰਜਾਬ ਤੋਂ ਇਸ ਮਸਲੇ ਦਾ ਹੱਲ ਕਰਾਉਣ ਦਾ ਫੈਸਲਾ ਲੈਂਦੀ ਹੈ ਤਾਂ ਉਹ ਸਰਕਾਰ ਨੂੰ ਸਮਰਥਨ ਦੇਣਗੇ। ਚੌਟਾਲਾ ਨੇ ਕਿਹਾ ਆਓ ਸਰਕਾਰ ਫੈਸਲਾ ਲੈਣ ਦੇਈਏ। ਜਦੋਂ ਤਕ ਸਾਨੂੰ ਆਪਣੇ ਹਿੱਸੇ ਦਾ ਪਾਣੀ ਨਹੀਂ ਮਿਲ ਜਾਂਦਾ, ਅਸੀਂ ਉਦੋਂ ਤਕ ਸਰਕਾਰ ਦਾ ਸਮਰਥਨ ਕਰਾਂਗੇ।
ਅਭੈ ਚੌਟਾਲਾ ਨੇ ਕਿਹਾ ਅਸੀਂ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਬਾਰਡਰਾਂ ਤੋਂ ਕਿਸੇ ਨੂੰ ਦਖ਼ਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਦੌਰਾਨ ਸੂਬੇ ਦੀ ਬੀਜੇਪੀ ਲੀਡਰਸ਼ਿਪ ਐਸਵਾਈਐਲ ਮੁੱਦਾ ਚੁੱਕ ਰਹੀ ਹੈ। ਇਸ ਪਿੱਛੇ ਮਕਸਦ ਹੈ ਕਿਸਾਨਾਂ ਨੂੰ ਵੰਡਣ ਦਾ ਜੋ ਕਿ ਪੂਰਾ ਨਹੀਂ ਹੋਵੇਗਾ। ਚੌਟਾਲਾ ਨੇ ਦਾਅਵਾ ਕੀਤਾ ਕਿ ਕੁਝ ਲੀਡਰ ਐਸਵਾਈਐਲ ਦੇ ਸਮਰਥਨ ਚ ਭੁੱਥਖ ਹੜਤਾਲ ਕਰਕੇ ਪਾਖੰਡ ਕਰ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ