Gurpatwant Singh Pannu: ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜਿਸ਼ ਨਾਲ ਮੱਚੀ ਹਲਚਲ, ਭਾਰਤ ਪਹੁੰਚੇ ਰਾਸ਼ਟਰਪਤੀ ਜੋ ਬਿਡੇਨ ਦੇ ਸਲਾਹਕਾਰ
Gurpatwant Singh Pannu: ਖਾਲਿਸਤਾਨ ਪੱਖੀ ਸਿੱਖ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੀਆਂ ਰਿਪੋਰਟਾਂ ਨੇ ਭਾਰਤ ਤੇ ਅਮਰੀਕਾ ਵਿੱਚ ਹਲਚਲ ਵਧਾ ਦਿੱਤੀ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਅਮਰੀਕਾ ਕਾਫੀ ਔਖਾ ਹੈ।
Gurpatwant Singh Pannu: ਖਾਲਿਸਤਾਨ ਪੱਖੀ ਸਿੱਖ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੀਆਂ ਰਿਪੋਰਟਾਂ ਨੇ ਭਾਰਤ ਤੇ ਅਮਰੀਕਾ ਵਿੱਚ ਹਲਚਲ ਵਧਾ ਦਿੱਤੀ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਅਮਰੀਕਾ ਕਾਫੀ ਔਖਾ ਹੈ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਦੇ ਚੋਟੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਭਾਰਤ ਨਾਲ ਕਈ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਨ ਲਈ ਨਵੀਂ ਦਿੱਲੀ ਆਏ ਹਨ।
ਹਾਸਲ ਜਾਣਕਾਰੀ ਮੁਤਾਬਕ ਭਾਰਤ-ਅਮਰੀਕਾ ਦੁਵੱਲੇ ਮੁੱਦਿਆਂ 'ਤੇ ਚਰਚਾ ਕਰਨ ਤੋਂ ਇਲਾਵਾ ਉਹ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਧਰਤੀ 'ਤੇ ਕਤਲ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਭਾਰਤ 'ਤੇ ਲੱਗੇ ਦੋਸ਼ਾਂ ਬਾਰੇ ਵੀ ਗੱਲ ਕਰਨ ਜਾ ਰਹੇ ਹਨ। ਵ੍ਹਾਈਟ ਹਾਊਸ ਨੇ ਮੰਗਲਵਾਰ (5 ਦਸੰਬਰ) ਨੂੰ ਇਹ ਜਾਣਕਾਰੀ ਦਿੱਤੀ।
ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਦੇ ਨਿਊਯਾਰਕ ਵਿੱਚ ਰਹਿੰਦਾ ਹੈ। ਉਸ ਕੋਲ ਕੈਨੇਡਾ ਤੇ ਅਮਰੀਕਾ ਦੋਵਾਂ ਦੇਸ਼ਾਂ ਦੀ ਨਾਗਰਿਕਤਾ ਹੈ। ਅਮਰੀਕਾ ਵਿੱਚ ਲੋਕ ਉਸ ਨੂੰ ਸਮਾਜ ਸੇਵਕ ਤੇ ਵਕੀਲ ਵਜੋਂ ਜਾਣਦੇ ਹਨ ਪਰ ਖਾਲਿਸਤਾਨ ਪੱਖੀ ਗਤੀਵਿਧੀਆਂ ਕਾਰਨ ਭਾਰਤ ਨੇ ਉਸ ਨੂੰ ਅੱਤਵਾਦੀ ਐਲਾਨਿਆ ਹੈ। ਪੰਨੂ ‘ਸਿੱਖ ਫਾਰ ਜਸਟਿਸ’ (ਐਸਜੇਐਫ) ਨਾਮ ਦੀ ਜਥੇਬੰਦੀ ਦਾ ਮੁਖੀ ਹੈ। ਗੁਰਪਤਵੰਤ ਪੰਨੂ ਤੇ ਉਸ ਦੀ ਸੰਸਥਾ ਦੋਵਾਂ 'ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਹੋਈ ਹੈ।
ਵ੍ਹਾਈਟ ਹਾਊਸ ਨੇ ਕੀ ਕਿਹਾ?
ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, ' ਪ੍ਰਿੰਸੀਪਲ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨੇ ਭਾਰਤ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਕਰਮ ਮਿਸ਼ਰੀ ਨਾਲ ਮੁਲਾਕਾਤ ਕੀਤੀ। ਫਿਨਰ ਨੇ 4 ਦਸੰਬਰ ਨੂੰ ਇੱਕ ਵਫ਼ਦ ਦੀ ਅਗਵਾਈ ਨਵੀਂ ਦਿੱਲੀ ਲਈ ਕੀਤੀ ਤਾਂ ਜੋ ਯੂਐਸ-ਇੰਡੀਆ ਇਨੀਸ਼ੀਏਟਿਵ ਆਨ ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀਜ਼ (iCET) ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਜਾ ਸਕੇ।
ਬਿਆਨ 'ਚ ਅੱਗੇ ਕਿਹਾ ਗਿਆ ਹੈ, 'ਅਮਰੀਕਾ 'ਚ ਸਿੱਖ ਲੀਡਰ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤ ਰਾਹੀਂ ਜਾਂਚ ਕਮੇਟੀ ਦੇ ਗਠਨ ਦੀ ਸੂਚਨਾ ਫਾਈਨਰ ਨੂੰ ਦਿੱਤੀ ਗਈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀ ਨੂੰ ਜਵਾਬਦੇਹ ਠਹਿਰਾਉਣ ਦੀ ਮਹੱਤਤਾ ਨੂੰ ਵੀ ਕਬੂਲਿਆ ਹੈ।
ਦਰਅਸਲ, ਪਿਛਲੇ ਹਫ਼ਤੇ ਅਮਰੀਕੀ ਨਿਆਂ ਵਿਭਾਗ ਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ 52 ਸਾਲਾ ਭਾਰਤੀ ਨਾਗਰਿਕ ਨਿਖਿਲ ਗੁਪਤਾ ਉੱਤੇ ਮੁਕੱਦਮਾ ਚਲਾਇਆ ਸੀ। ਨਿਆਂ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, 'ਭਾਰਤ ਸਰਕਾਰ ਦੇ ਇੱਕ ਸਰਕਾਰੀ ਕਰਮਚਾਰੀ ਨੇ ਨਿਖਿਲ ਗੁਪਤਾ ਤੇ ਹੋਰਾਂ ਨਾਲ ਮਿਲ ਕੇ ਨਿਊਯਾਰਕ ਸਿਟੀ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਅਟਾਰਨੀ ਤੇ ਸਿਆਸੀ ਕਾਰਕੁਨ ਦੀ ਅਮਰੀਕੀ ਧਰਤੀ 'ਤੇ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।'