ਏਕੇ-47 ਬਣਾਉਣ ਵਾਲੀ ਕੰਪਨੀ ਨੇ ਬਣਾਇਆ ਤਬਾਹੀ ਮਚਾਉਣ ਵਾਲਾ ਹਥਿਆਰ
ਮਾਸਕੋ: ਦੁਨੀਆਂ ਦੀ ਬਹੁ-ਚਰਚਿਤ ਏਕੇ 47 ਰਾਇਫਲ ਬਣਾਉਣ ਵਾਲੀ ਕੰਪਨੀ 'ਕਾਲਾਸ਼ਨੀਵੋਵ ਕੰਸਰਨ' ਨੇ ਭਵਿੱਖ 'ਚ ਯੁੱਧ ਲਈ ਨਵੀਂ ਕਿਸਮ ਦੇ ਰੋਬੋਟ ਤਿਆਰ ਕੀਤੇ ਹਨ। ਇਨ੍ਹਾਂ ਰੋਬੋਟਸ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ 'ਚ ਇੱਕ ਵਿਅਕਤੀ ਦੇ ਬੈਠਣ ਲਈ ਜਗ੍ਹਾ ਬਣਾਈ ਗਈ ਹੈ ਜੋ ਇਨ੍ਹਾਂ ਨੂੰ ਅਪਰੇਟ ਕਰੇਗਾ। 13 ਫੁੱਟ ਲੰਮੇ ਤੁਰਨ-ਫਿਰਨ ਵਾਲੇ ਇਸ ਰੋਬੋਟ ਦੇ ਹੱਥਾਂ 'ਚ ਮਸ਼ੀਨ ਗੰਨ ਫਿੱਟ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਰੋਬੋਟ ਆਪਣੇ ਹੱਥਾਂ ਨਾਲ ਆਸ-ਪਾਸ ਪਈਆਂ ਚੀਜ਼ਾਂ ਨੂੰ ਚੁੱਕ ਤੇ ਰੱਖ ਸਕਦਾ ਹੈ।
ਕੰਪਨੀ ਨੇ ਰੋਬੋਟ ਦਾ ਨਾਂ 'ਇਗੋਰੇਕ' ਰੱਖਿਆ ਹੈ। ਰੋਬੋਟ ਨੂੰ ਹਾਲ ਹੀ 'ਚ ਆਰਮੀ 2018 ਫੇਅਰ 'ਚ ਪੇਸ਼ ਕੀਤਾ ਗਿਆ। ਇਸ ਨੂੰ ਬੁਲਟਪਰੂਫ ਬਣਾਇਆ ਗਿਆ ਹੈ। ਪਾਇਲਟ ਦੇ ਸਾਹਮਣੇ ਲੱਗੇ ਸ਼ੀਸ਼ਿਆਂ ਨੂੰ ਖਾਸ ਤੌਰ 'ਤੇ ਮਜ਼ਬੂਤ ਬਣਾਇਆ ਗਿਆ ਹੈ। ਕੰਪਨੀ ਦੀ ਵੈੱਬਸਾਈਟ ਮੁਤਾਬਕ ਰੋਬੋਟ ਨੂੰ ਆਧੁਨਿਕ ਸਮੇਂ ਦੇ ਯੁੱਧ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਾਲਾਸ਼ਨੀਵੋਵ ਕੰਸਰਨ ਰੂਸ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਕੰਪਨੀ ਹੈ। ਕੰਪਨੀ 27 ਦੇਸ਼ਾਂ 'ਚ ਹਥਿਆਰ ਨਿਰਯਾਤ ਕਰਦੀ ਹੈ। ਕੰਪਨੀ ਦੀ ਮਸ਼ਹੂਰੀ ਏਕੇ-47 ਰਾਇਫਲ ਤੋਂ ਹੋਈ ਸੀ। 2004 ਦੀ ਇੱਕ ਰਿਪੋਰਟ ਮੁਤਾਬਕ ਦੁਨੀਆ ਭਰ 'ਚ ਮੌਜੂਦ 50 ਕਰੋੜ ਬੰਦੂਕਾਂ 'ਚੋਂ 10 ਕਰੋੜ 'ਕਾਲਾਸ਼ਨੀਕੋਵ ਕੰਪਨੀ' ਦੀਆਂ ਹੀ ਸਨ।