ਲਖਨਊ ਮਗਰੋਂ ਮੁੰਬਈ ਏਅਰਪੋਰਟ ਵੀ ਅਡਾਨੀ ਨੇ ਸੰਭਾਲਿਆ
ਅਡਾਨੀ ਸਮੂਹ ਨੇ ਜੀਵੀਕੇ ਗਰੁੱਪ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈ ਲਿਆ ਹੈ।
ਨਵੀਂ ਦਿੱਲੀ: ਅਡਾਨੀ ਸਮੂਹ ਨੇ ਜੀਵੀਕੇ ਗਰੁੱਪ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਸਮੂਹ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਦਿੱਤੀ। ਅਡਾਨੀ ਸਮੂਹ ਨੇ ਪਿਛਲੇ ਸਾਲ ਅਗਸਤ ਵਿੱਚ ਐਲਾਨ ਕੀਤਾ ਸੀ ਕਿ ਉਹ ਮੁੰਬਈ ਹਵਾਈ ਅੱਡੇ ਵਿੱਚ ਜੀਵੀਕੇ ਗਰੁੱਪ ਦਾ ਹਿੱਸਾ ਹਾਸਲ ਕਰੇਗੀ।
ਇਸ ਸੌਦੇ ਤੋਂ ਬਾਅਦ ਅਡਾਨੀ ਸਮੂਹ ਦੀ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 74 ਪ੍ਰਤੀਸ਼ਤ ਦੀ ਹਿੱਸੇਦਾਰੀ ਹੋਵੇਗੀ। ਇਸ ਵਿੱਚੋਂ 50.5 ਪ੍ਰਤੀਸ਼ਤ ਜੀਵੀਕੇ ਗਰੁੱਪ ਤੋਂ ਤੇ ਬਾਕੀ 23.5 ਪ੍ਰਤੀਸ਼ਤ ਘੱਟ ਗਿਣਤੀ ਭਾਈਵਾਲ ਏਅਰਪੋਰਟ ਕੰਪਨੀ ਸਾਊਥ ਅਫਰੀਕਾ (ਏਸੀਐਸਏ) ਤੇ ਬਿਡਵੈਸਟ ਸਮੂਹ ਤੋਂ ਹਾਸਲ ਕੀਤੇ ਜਾਣਗੇ।
ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੇ ਟਵੀਟ ਕੀਤਾ, “ਵਿਸ਼ਵ ਪੱਧਰੀ ਮੁੰਬਈ ਕੌਮਾਂਤਰੀ ਹਵਾਈ ਅੱਡੇ ਦਾ ਪ੍ਰਬੰਧਨ ਲੈ ਕੇ ਅਸੀਂ ਬਹੁਤ ਖੁਸ਼ ਹਾਂ। ਮੁੰਬਈ ਸਾਡੇ 'ਤੇ ਮਾਣ ਕਰੇਗੀ। ਅਡਾਨੀ ਗਰੁੱਪ ਭਵਿੱਖ ਦੇ ਕਾਰੋਬਾਰ ਲਈ ਹਵਾਈ ਅੱਡੇ ਦੇ ਵਾਤਾਵਰਣ ਨੂੰ ਬਣਾਏਗਾ।
ਅਡਾਨੀ ਐਂਟਰਪ੍ਰਾਈਜਜ ਦੀ ਪੂਰੀ ਮਲਕੀਅਤ ਵਾਲੀ ਇੱਕ ਸਹਾਇਕ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਜੀਵੀਕੇ ਗਰੁੱਪ ਤੋਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਮੇਲ) ਦਾ ਪ੍ਰਬੰਧਨ ਆਪਣੇ ਹੱਥਾਂ ਵਿੱਚ ਲਿਆ ਹੈ। ਪਿਛਲੇ ਦਿਨੀਂ, ਐਮਆਈਐਲ ਦੇ ਬੋਰਡ ਦੀ ਮੀਟਿੰਗ ਕੀਤੀ ਗਈ ਸੀ।
ਦੱਸ ਦੇਈਏ ਕਿ ਹਾਲ ਹੀ ਵਿੱਚ ਅਡਾਨੀ ਸਮੂਹ ਦੇ ਲਖਨਊ, ਜੈਪੁਰ, ਗੁਹਾਟੀ, ਅਹਿਮਦਾਬਾਦ, ਤਿਰੂਵਨੰਦਪੁਰਮ ਤੇ ਮੰਗਲੁਰੂ ਹਵਾਈ ਅੱਡਿਆਂ ਨੂੰ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਮਾਡਲ ਰਾਹੀਂ ਚੱਲਣ ਦੀ ਇਜਾਜ਼ਤ ਮਿਲ ਗਈ ਹੈ। ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਟਿਡ ਭਾਰਤ ਦੀ ਸਭ ਤੋਂ ਵੱਡੀ ਏਅਰਪੋਰਟ ਬੁਨਿਆਦੀ ਢਾਂਚਾ ਕੰਪਨੀ ਹੈ, ਜੋ ਏਅਰਪੋਰਟ ਯਾਤਰੀਆਂ ਦੇ 25 ਪ੍ਰਤੀਸ਼ਤ ਅਤੇ ਭਾਰਤ ਦੇ ਹਵਾਈ ਭਾੜੇ ਦੇ 33 ਪ੍ਰਤੀਸ਼ਤ ਨੂੰ ਨਿਯੰਤਰਿਤ ਕਰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :