(Source: ECI/ABP News/ABP Majha)
ਹਰਿਆਣਾ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਕਿਸਾਨ ਨੇ ਖਾਲੀ ਕੀਤਾ ਹਾਈਵੇ, 21 ਘੰਟੇ ਲੱਗਿਆ ਜਾਮ
Farmers Protest: ਕਿਸਾਨਾਂ ਨੇ ਕੁਰੂਕਸ਼ੇਤਰ ਦੇ ਸ਼ਾਹਬਾਦ ਸ਼ਹਿਰ ਨੇੜੇ ਹਾਈਵੇਅ ਬੰਦ ਕਰ ਦਿੱਤਾ ਸੀ। ਪਰ ਹੁਣ ਸਰਕਾਰ ਨੇ ਉਨ੍ਹਾਂ ਦੀ ਝੋਨੇ ਦੀ ਫਸਲ ਜਲਦੀ ਖਰੀਦਣ ਦੀ ਮੰਗ ਮੰਨ ਲਈ ਹੈ।
Farmers Protest: ਹਰਿਆਣਾ ਦੇ ਕੁਰੂਕਸ਼ੇਤਰ ਨੇੜੇ ਕਿਸਾਨਾਂ ਨੇ ਝੋਨੇ ਦੀ ਜਲਦੀ ਖਰੀਦ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਹਾਈਵੇਅ ਨੰਬਰ 44 ਨੂੰ ਜਾਮ ਕਰ ਦਿੱਤਾ ਸੀ। ਹਾਲਾਂਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਮੰਗ ਮੰਨ ਲਈ ਹੈ, ਜਿਸ ਤੋਂ ਬਾਅਦ ਕਿਸਾਨ ਹਾਈਵੇਅ ਤੋਂ ਹਟਣ ਲਈ ਤਿਆਰ ਹੋ ਗਏ ਹਨ। ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਖਿਚਾਈ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਹਾਈਵੇਅ ਜਾਮ ਹੋਣ ਕਾਰਨ ਕਰੀਬ 21 ਘੰਟੇ ਆਵਾਜਾਈ ਠੱਪ ਰਹੀ।
ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹੁਣ ਦਾਣਾ ਮੰਡੀਆਂ ਚੋਂ ਝੋਨਾ ਚੁੱਕਣ ਦੀ ਗੱਲ ਕਹੀ ਹੈ। ਹਾਲਾਂਕਿ, ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਿਸ ਦਾ ਸਰਕਾਰ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ। ਹੁਣ ਇਹ ਉਨ੍ਹਾਂ ਦੀ ਸਮੱਸਿਆ ਹੈ ਕਿ ਉਹ ਇਸ ਨੂੰ ਕਿੱਥੇ ਸਟੋਰ ਕਰਨਗੇ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੰਜ ਜ਼ਿਲ੍ਹਿਆਂ ਵਿੱਚ ਜਿੱਥੇ ਝਾੜ ਵਧਿਆ ਹੈ, ਉੱਥੇ ਖਰੀਦ ਸੀਮਾ 22 ਤੋਂ ਵਧਾ ਕੇ 30 ਕੁਇੰਟਲ ਪ੍ਰਤੀ ਏਕੜ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਈ ਹੋਰ ਜ਼ਿਲ੍ਹਿਆਂ ਵਿੱਚ ਇਸ ਨੂੰ ਵਧਾ ਕੇ 28 ਕੁਇੰਟਲ ਪ੍ਰਤੀ ਏਕੜ ਕੀਤਾ ਗਿਆ ਹੈ।
ਦੱਸ ਦਈਏ ਕਿ ਅੱਧੀ ਰਾਤ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਥਿਤੀ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਸੀ। ਅਦਾਲਤ ਨੇ ਸੂਬੇ ਨੂੰ ਕਾਨੂੰਨ ਵਿਵਸਥਾ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਨਿਰਦੇਸ਼ ਦਿੰਦੇ ਹੋਏ ਸਾਵਧਾਨੀ ਵਰਤਣ ਦੀ ਵੀ ਸਲਾਹ ਦਿੱਤੀ। ਅਦਾਲਤ ਨੇ ਕਿਹਾ ਸੀ, 'ਬਲ ਦੀ ਵਰਤੋਂ ਦਾ ਸਹਾਰਾ ਆਖਰੀ ਵਿਕਲਪ ਹੋਣਾ ਚਾਹੀਦਾ ਹੈ ਅਤੇ ਉਹ ਵੀ ਉਦੋਂ ਤੱਕ ਜਦੋਂ ਤੱਕ ਪ੍ਰਸ਼ਾਸਨ ਕੋਲ ਹੋਰ ਕੋਈ ਰਸਤਾ ਨਹੀਂ ਹੈ।
ਕੁਰੂਕਸ਼ੇਤਰ ਦੇ ਪੁਲਿਸ ਸੁਪਰਡੈਂਟ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ ਕਿ ਸਾਰੇ ਡਾਈਵਰਜ਼ਨ ਹਟਾ ਦਿੱਤੇ ਗਏ ਹਨ ਅਤੇ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਮਿਲ ਕੇ ਮਾਮਲਾ ਸੁਲਝਾ ਲਿਆ ਹੈ।
ਉਧਰ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਿਸਾਨਾਂ ਨੂੰ ਡਰ ਹੈ ਕਿ ਮੀਂਹ ਅਤੇ ਨਮੀ ਕਾਰਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਖ਼ਰਾਬ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸਟੋਰੇਜ ਦੀ ਥਾਂ ਨਹੀਂ ਹੈ, ਇਸ ਲਈ ਸੂਬਾ ਸਰਕਾਰ ਨੂੰ ਖਰੀਦ ਦੀ ਮਿਤੀ ਵਧਾਉਣੀ ਚਾਹੀਦੀ ਹੈ।