Agnipath Scheme: 'ਅਗਨੀਪਥ' ਸਕੀਮ 'ਤੇ ਹੰਗਾਮੇ ਵਿਚਾਲੇ ਏਅਰਫੋਰਸ 'ਚ ਭਰਤੀ ਪ੍ਰਕਿਰਿਆ ਹੋਈ ਸ਼ੁਰੂ, ਜਾਣੋ ਕੀ ਹੈ ਪੂਰਾ ਪ੍ਰੋਸੈੱਸ
Agnipath Scheme Recruitment: ਫੌਜ 'ਚ ਭਰਤੀ ਪ੍ਰਕਿਰਿਆ ਨੂੰ ਲੈ ਕੇ ਲਿਆਂਦੀ ਗਈ ਯੋਜਨਾ ਅਗਨੀਪਥ 'ਤੇ ਹੰਗਾਮੇ ਦਰਮਿਆਨ ਹਵਾਈ ਫੌਜ 'ਚ ਚੋਣ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ
Agnipath Scheme Recruitment: ਫੌਜ 'ਚ ਭਰਤੀ ਪ੍ਰਕਿਰਿਆ ਨੂੰ ਲੈ ਕੇ ਲਿਆਂਦੀ ਗਈ ਯੋਜਨਾ ਅਗਨੀਪਥ 'ਤੇ ਹੰਗਾਮੇ ਦਰਮਿਆਨ ਹਵਾਈ ਫੌਜ 'ਚ ਚੋਣ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਭਾਰਤੀ ਹਵਾਈ ਸੈਨਾ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਭਰਤੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ। ਨੌਜਵਾਨ ਅੱਜ ਤੋਂ ਅਗਨੀਪਥ ਤਹਿਤ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਇਹ ਸਾਰੀ ਪ੍ਰਕਿਰਿਆ 5 ਜੁਲਾਈ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਔਨਲਾਈਨ ਪ੍ਰੀਖਿਆ ਕਰਵਾਈ ਜਾਵੇਗੀ ਅਤੇ ਫਿਰ ਚੁਣੇ ਗਏ ਉਮੀਦਵਾਰਾਂ ਨੂੰ ਅਗਨੀਵੀਰ ਵਜੋਂ ਏਅਰ ਫੋਰਸ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ।
30 ਦਸੰਬਰ ਤੋਂ ਸ਼ੁਰੂ ਹੋਵੇਗੀ ਟ੍ਰੇਨਿੰਗ
ਭਾਰਤੀ ਹਵਾਈ ਸੈਨਾ ਮੁਤਾਬਕ, ਅਗਨੀਪਥ ਯੋਜਨਾ ਦੇ ਤਹਿਤ ਰਜਿਸਟਰ ਕਰਨ ਵਾਲਿਆਂ ਦੀ 24 ਜੁਲਾਈ ਤੋਂ 31 ਜੁਲਾਈ ਤੱਕ ਆਨਲਾਈਨ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ 21 ਅਗਸਤ ਤੋਂ 28 ਅਗਸਤ ਤੱਕ ਫਿਜ਼ੀਕਲ ਫਿਟਨੈਸ ਟੈਸਟ ਹੋਵੇਗਾ। ਮੈਡੀਕਲ ਜਾਂਚ 29 ਅਗਸਤ ਤੋਂ 8 ਨਵੰਬਰ ਤੱਕ ਹੋਵੇਗੀ। ਇਹ ਸਾਰੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਸੂਚੀ 1 ਦਸੰਬਰ 2022 ਨੂੰ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਿਖਲਾਈ ਵੀ 30 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ।
ਯੋਜਨਾ ਨੂੰ ਲੈ ਕੇ ਹੋਇਆ ਭਾਰੀ ਹੰਗਾਮਾ
ਦੱਸ ਦੇਈਏ ਕਿ ਕੋਰੋਨਾ ਕਾਰਨ ਤਿੰਨਾਂ ਸੈਨਾਵਾਂ ਵਿੱਚ ਭਰਤੀ ਪ੍ਰਕਿਰਿਆ ਪਿਛਲੇ ਦੋ ਸਾਲਾਂ ਤੋਂ ਰੁਕੀ ਹੋਈ ਸੀ। ਜਿਸ ਤੋਂ ਬਾਅਦ ਸਰਕਾਰ ਅਤੇ ਫੌਜ ਵੱਲੋਂ ਅਗਨੀਪੱਥ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਭਰਤੀ ਹੋਣ ਵਾਲੇ 75 ਫੀਸਦੀ ਸਿਪਾਹੀਆਂ ਨੂੰ ਚਾਰ ਸਾਲ ਬਾਅਦ ਸੇਵਾਮੁਕਤ ਹੋਣਾ ਪਵੇਗਾ। ਸਿਰਫ਼ ਚਾਰ ਸਾਲ ਲਈ ਫ਼ੌਜ ਵਿੱਚ ਚੋਣ ਨੂੰ ਲੈ ਕੇ ਪੂਰੇ ਦੇਸ਼ ਵਿੱਚ ਇਸ ਯੋਜਨਾ ਖ਼ਿਲਾਫ਼ ਰੋਸ ਹੈ। ਸਾਰੇ ਰਾਜਾਂ ਵਿੱਚ ਵਿਦਿਆਰਥੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਵੀ ਸਰਕਾਰ ਦੀ ਇਸ ਯੋਜਨਾ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ। ਹਾਲਾਂਕਿ ਫੌਜ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਸ ਸਕੀਮ ਨੂੰ ਵਾਪਸ ਨਹੀਂ ਲਿਆ ਜਾਵੇਗਾ ਅਤੇ ਇਸ ਤਹਿਤ ਹੋਰ ਭਰਤੀਆਂ ਕੀਤੀਆਂ ਜਾਣਗੀਆਂ।
ਅਗਨੀਵੀਰਾਂ ਲਈ ਇਹ ਸਹੂਲਤਾਂ
ਭਾਰਤੀ ਹਵਾਈ ਸੈਨਾ ਵੱਲੋਂ ਦੱਸਿਆ ਗਿਆ ਹੈ ਕਿ ਅਗਨੀਵੀਰਾਂ ਨੂੰ ਵੀ ਰੈਗੂਲਰ ਸੈਨਿਕਾਂ ਵਾਂਗ ਹੀ ਭੱਤਾ ਮਿਲੇਗਾ। ਸਾਰੇ ਅਗਨੀਵੀਰਾਂ ਨੂੰ ਸਾਲ ਵਿੱਚ 30 ਦਿਨ ਦੀ ਛੁੱਟੀ ਮਿਲੇਗੀ। ਹਰ ਅਗਨੀਵੀਰ ਨੂੰ 48 ਲੱਖ ਦਾ ਬੀਮਾ ਕਵਰ ਮਿਲੇਗਾ। ਇਸ ਤੋਂ ਇਲਾਵਾ ਡਿਊਟੀ 'ਤੇ ਵੀਰਗਤੀ ਪ੍ਰਾਪਤ ਕਰਨ 'ਤੇ ਉਸ ਦੇ ਪਰਿਵਾਰ ਨੂੰ ਕਰੀਬ ਇਕ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਅਗਨੀਵੀਰਾਂ ਨੂੰ ਕੰਟੀਨ ਦੀ ਸਹੂਲਤ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਰ ਸਾਲ ਬਾਅਦ ਸੇਵਾਮੁਕਤ ਹੋਣ ਵਾਲੇ ਅਗਨੀਵੀਰਾਂ ਨੂੰ ਕਈ ਸਰਕਾਰੀ ਸੇਵਾਵਾਂ ਵਿੱਚ ਰਾਖਵਾਂਕਰਨ ਅਤੇ ਤਰਜੀਹ ਦੇਣ ਦੀ ਗੱਲ ਵੀ ਕਹੀ ਗਈ ਹੈ।