Israel Attack Update: ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਏਅਰ ਇੰਡੀਆ ਨੇ ਤੇਲ ਅਵੀਵ ਦੀਆਂ ਉਡਾਣਾਂ ਕੀਤੀਆਂ ਰੱਦ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ?
ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਏਅਰ ਇੰਡੀਆ ਨੇ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਲਈ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਯਾਤਰੀਆਂ ਲਈ ਹਰ ਸੰਭਵ ਮਦਦ ਦਾ ਐਲਾਨ ਵੀ ਕੀਤਾ ਗਿਆ ਹੈ।
Air India Cancels Flights: ਮੱਧ ਪੂਰਬੀ ਦੇਸ਼ ਇਜ਼ਰਾਈਲ 'ਤੇ ਸ਼ਨੀਵਾਰ (7 ਅਕਤੂਬਰ) ਨੂੰ ਫਲਸਤੀਨ ਦੇ ਹਮਾਸ ਲੜਾਕਿਆਂ ਵੱਲੋਂ ਕੀਤੇ ਗਏ ਅਚਾਨਕ ਹਮਲੇ ਤੋਂ ਬਾਅਦ ਪੈਦਾ ਹੋਏ ਯੁੱਧ ਵਰਗੇ ਹਾਲਾਤ ਦਰਮਿਆਨ ਏਅਰ ਇੰਡੀਆ ਨੇ ਤੇਲ ਅਵੀਵ (ਇਜ਼ਰਾਈਲ ਦੇ ਸ਼ਹਿਰ) ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ਼ਨੀਵਾਰ (7 ਅਕਤੂਬਰ 2023) ਨੂੰ ਦਿੱਲੀ ਤੋਂ ਤੇਲ ਅਵੀਵ ਅਤੇ ਤੇਲ ਅਵੀਵ ਤੋਂ ਦਿੱਲੀ ਲਈ ਵਾਪਸੀ ਦੀ ਉਡਾਣ AI140 ਨੂੰ ਰੱਦ ਕਰ ਦਿੱਤਾ ਗਿਆ ਹੈ। ਇਜ਼ਰਾਈਲ 'ਚ ਹਮਾਸ ਦੇ ਹਮਲੇ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ।
ਏਅਰ ਇੰਡੀਆ ਨੇ ਆਪਣੇ ਬਿਆਨ 'ਚ ਸਪੱਸ਼ਟ ਕਿਹਾ ਹੈ, "ਇਹ ਫੈਸਲਾ ਸਾਡੇ ਮਹਿਮਾਨਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੇ ਹਿੱਤਾਂ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਯਾਤਰੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।"
ਹਮਾਸ ਨੇ ਇਜ਼ਰਾਈਲ 'ਤੇ ਸੱਤ ਹਜ਼ਾਰ ਰਾਕੇਟ ਦਾਗੇ
ਦੱਸ ਦੇਈਏ ਕਿ ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ 'ਤੇ ਅਚਾਨਕ ਹਮਲੇ 'ਚ ਘੱਟੋ-ਘੱਟ 7000 ਰਾਕੇਟ ਦਾਗੇ ਹਨ। ਇਸ ਹਮਲੇ ਵਿੱਚ 40 ਇਜ਼ਰਾਈਲੀ ਲੋਕਾਂ ਦੀ ਮੌਤ ਹੋ ਗਈ ਸੀ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ 'ਜੰਗ' ਦਾ ਐਲਾਨ ਕਰ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਦੇਸ਼ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।
ਇਜ਼ਰਾਈਲੀ ਰੱਖਿਆ ਬਲਾਂ ਨੇ ਕੀਤਾ ਜਵਾਬੀ ਹਮਲਾ
ਇਜ਼ਰਾਇਲੀ ਡਿਫੈਂਸ ਫੋਰਸਿਜ਼ (IDF) ਨੇ ਆਪਣੇ ਤਾਜ਼ਾ ਬਿਆਨ 'ਚ ਹਮਾਸ ਲੜਾਕਿਆਂ ਦੇ ਖਿਲਾਫ ਜਵਾਬੀ ਹਮਲੇ ਦੀ ਜਾਣਕਾਰੀ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ, "ਅਸੀਂ ਹਮਾਸ ਦੇ ਹਮਲੇ ਦੇ ਜਵਾਬ 'ਚ ਆਪ੍ਰੇਸ਼ਨ 'ਲੋਹੇ ਦੀਆਂ ਤਲਵਾਰਾਂ' ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਗਾਜ਼ਾ ਪੱਟੀ 'ਚ ਹਵਾ, ਜ਼ਮੀਨ ਅਤੇ ਸਮੁੰਦਰ ਤੋਂ ਰਾਕੇਟ ਹਮਲੇ ਕੀਤੇ ਜਾ ਰਹੇ ਹਨ।"
ਸੂਤਰਾਂ ਦੀ ਮੰਨੀਏ ਤਾਂ ਇਜ਼ਰਾਇਲੀ ਹਵਾਈ ਫੌਜ ਦੇ ਦਰਜਨਾਂ ਲੜਾਕੂ ਜਹਾਜ਼ਾਂ ਨੇ ਗਾਜ਼ਾ ਪੱਟੀ 'ਚ ਹਮਾਸ ਦੇ 17 ਟਿਕਾਣਿਆਂ ਅਤੇ ਚਾਰ ਹੈੱਡਕੁਆਰਟਰ 'ਤੇ ਵੀ ਹਮਲੇ ਕੀਤੇ ਹਨ। ਦੋਵਾਂ ਪਾਸਿਆਂ ਤੋਂ ਹਮਲਿਆਂ ਦੀਆਂ ਕਈ ਭਿਆਨਕ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ ਜੋ ਪੂਰੀ ਦੁਨੀਆ ਵਿਚ ਮਸ਼ਹੂਰ ਹਨ। ਇਸ ਦੌਰਾਨ, ਇਜ਼ਰਾਈਲ ਵਿੱਚ ਉਡਾਣ ਖਤਰੇ ਤੋਂ ਖਾਲੀ ਨਹੀਂ ਸੀ।