ਭਾਰਤ ’ਚ ਆ ਰਹੀ ਨਵੀਂ ਏਅਰਲਾਈਨ ‘ਅਕਾਸਾ ਏਅਰ’, ਬਹੁਤ ਸਸਤਾ ਹੋ ਜਾਵੇਗਾ ਹਵਾਈ ਸਫ਼ਰ
ਭਾਰਤ ’ਚ ਹੁਣ ਇੱਕ ਨਵੀਂ ਏਅਰਲਾਈਨ ‘ਅਕਾਸਾ ਏਅਰ’ (Akasa Air) ਲਾਂਚ ਹੋਣ ਜਾ ਰਹੀ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ ’ਚ ਹੁਣ ਇੱਕ ਨਵੀਂ ਏਅਰਲਾਈਨ ‘ਅਕਾਸਾ ਏਅਰ’ (Akasa Air) ਲਾਂਚ ਹੋਣ ਜਾ ਰਹੀ ਹੈ। ਦੇਸ਼ ਦੇ ਅਰਬਪਤੀ ਰਾਕੇਸ਼ ਝੁਨਝੁਨਵਾਲਾ ਇਸ ਏਅਰਲਾਈਨ ਕੰਪਨੀ ਦੇ ਮਾਲਕ ਹਨ। ਉਨ੍ਹਾਂ ਦੇ ਇਸ ਉੱਦਮ ਨਾਲ ਅਮਰੀਕੀ ਜਹਾਜ਼ ਨਿਰਮਾਤਾ ‘ਬੋਇੰਗ’ ਦੀਆਂ ਗਤੀਵਿਧੀਆਂ ਭਾਰਤ ’ਚ ਵਧ ਸਕਦੀਆਂ ਹਨ।
‘ਅਕਾਸਾ ਏਅਰ’ ਨੂੰ ਹੁਣ ਲੀਜ਼ ਉੱਤੇ ਹਵਾਈ ਜਹਾਜ਼ਾਂ ਦੀ ਲੋੜ ਪਵੇਗੀ। ਨੀਦਰਲੈਂਡ (ਯੂਰਪ) ’ਚ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ‘ਏਅਰਬੱਸ’ ਅਤੇ ਅਮਰੀਕਾ ਦੀ ‘ਬੋਇੰਗ’ ਦੋਵੇਂ ਕੰਪਨੀਆਂ ਭਾਰਤ ਦੀ ਇਸ ਨਵੀਂ ਏਅਰਲਾਈਨ ਨੂੰ ਆਪਣੇ ਜਹਾਜ਼ ਮੁਹੱਈਆ ਕਰਵਾਉਣਾ ਚਾਹੁਣਗੀਆਂ। ਇਸ ਲਈ ਦੋਵਾਂ ਵਿਚਾਲੇ ਸਖ਼ਤ ਮੁਕਾਬਲਾ ਹੋ ਸਕਦਾ ਹੈ।
‘ਬੋਇੰਗ’ ਲਈ ਇਹ ਚੰਗਾ ਮੌਕਾ ਹੋਵੇਗਾ ਕਿਉਂਕਿ ਇਸ ਵੇਲੇ ਭਾਰਤ ’ਚ ਉਸ ਦੇ ਜਹਾਜ਼ਾਂ ਦੀ ਵਰਤੋਂ ‘ਸਪਾਈਸਜੈੱਟ’ ਏਅਰਲਾਈਨਜ਼ ਤੋਂ ਇਲਾਵਾ ਹੋਰ ਕੋਈ ਕੰਪਨੀ ਨਹੀਂ ਕਰ ਰਹੀ। ਪਹਿਲਾਂ ਭਾਰਤ ’ਚ ‘ਜੈੱਟ ਏਅਰਵੇਜ਼’ ਏਅਰਲਾਈਨ ਬੋਇੰਗ 737 ੲਵਾਈ ਜਹਾਜ਼ ਵਰਤਦੀ ਸੀ ਪਰ ਸਾਲ 2019 ’ਚ ਭਾਰੀ ਕਰਜ਼ੇ ਕਾਰਣ ‘ਜੈੱਟ ਏਅਰਵੇਜ਼’ ਦੀਆਂ ਉਡਾਣ ਸੇਵਾਵਾਂ ਬੰਦ ਕਰ ਦਿੱਤੀਆ ਗਈਆਂ ਸਨ। ਇਹ ਬੋਇੰਗ ਲਈ ਬਹੁਤ ਵੱਡਾ ਝਟਕਾ ਸੀ। ਹੁਣ ਜੇ ‘ਬੋਇੰਗ’ ਕੰਪਨੀ ਆਪਣੇ ਹਵਾਈ ਜਹਾਜ਼ ਰਾਕੇਸ਼ ਝੁਨਝੁਨਵਾਲਾ ਦੀ ਨਵੀਂ ਏਅਰਲਾਈਨ ‘ਅਕਾਸਾ ਏਅਰ’ ਨੂੰ ਲੀਜ਼ ’ਤੇ ਦੇਣ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਭਾਰਤ ਵਿੱਚ ਉਸ ਦੀਆਂ ਗਤੀਵਿਧੀਆਂ ਇੱਕ ਵਾਰ ਫਿਰ ਵਧ ਸਕਦੀਆਂ ਹਨ।
ਉੱਧਰ ਰਾਕੇਸ਼ ਝੁਨਝੁਨਵਾਲਾ ਨੇ ਬੀਤੇ ਦਿਨੀਂ ਮੀਡੀਆ ਨੂੰ ਦਿੱਤੇ ਇੰਟਰਵਿਊ ’ਚ ਦੱਸਿਆ ਸੀ ਕਿ ਉਹ ਆਪਣੀ ਨਵੀਂ ਏਅਰਲਾਈਨ ਲਈ 3.5 ਕਰੋੜ ਡਾਲਰ ਲਾਉਣ ਬਾਰੇ ਵਿਚਾਰ ਕਰ ਰਹੇ ਹਨ ਤੇ ਇਸ ਵੇਲੇ ਉਹ 180 ਸੀਟਾਂ ਵਾਲੇ ਵਧੀਆ ਹਵਾਈ ਜਹਾਜ਼ਾਂ ਦੀ ਭਾਲ਼ ’ਚ ਹਨ। ਅਗਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਦੀ ਯੋਜਨਾ ਅਜਿਹੇ 70 ਹਵਾਈ ਜਹਾਜ਼ ਲੈਣ ਦੀ ਹੈ। ਇਸ ਏਅਰਲਾਈਨ ਵਿੱਚ ਉਨ੍ਹਾਂ ਦੀ 40 ਫ਼ੀਸਦੀ ਹਿੱਸੇਦਾਰੀ ਹੋਵੇਗੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਅਕਾਸਾ ਏਅਰ’ ਦਾ ਹਵਾਈ ਸਫ਼ਰ ਬਹੁਤ ਸਸਤਾ ਹੋਵੇਗਾ।
ਸੂਤਰਾਂ ਨੇ ਦੱਸਿਆ ਕਿ ਇਸ ਵੇਲੇ ਰਾਕੇਸ਼ ਝੁਨਝੁਨਵਾਲਾ ਦੀ ਨਵੀਂ ਏਅਰਲਾਈਨ ‘ਅਕਾਸਾ ਏਅਰ’ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸਿਰਫ਼ NOC (ਇਤਰਾਜ਼ਹੀਣਤਾ ਪ੍ਰਮਾਣ ਪੱਤਰ ਨੋ ਆਬਜੈਕਸ਼ਨ ਸਰਟੀਫ਼ਿਕੇਟ) ਦੀ ਉਡੀਕ ਹੈ। ਭਾਰਤ ਸਮੇਤ ਦੁਨੀਆ ਦੇ ਹੋਰ ਬਹੁਤੇ ਦੇਸ਼ਾਂ ਦੀਆਂ ਏਅਰਲਾਈਨਜ਼ ਪਿਛਲੇ ਕਈ ਸਾਲਾਂ ਤੋਂ ਘਾਟੇ ’ਚ ਚੱਲਦੀਆਂ ਆ ਰਹੀਆਂ ਹਨ ਅਤੇ ਬਾਕੀ ਰਹੀ ਸਹੀ ਕਸਰ ਪਿਛਲੇ ਵਰ੍ਹੇ 2020 ’ਚ ਕੋਰੋਨਾਵਾਇਰਸ ਮਹਾਮਾਰੀ ਕਾਰਣ ਲੱਗੇ ਲੌਕਡਾਊਨਜ਼ ਨੇ ਪੂਰੀ ਕਰ ਦਿੱਤੀ ਹੈ। ਏਅਰਲਾਈਨਜ਼ ਕੰਪਨੀਆਂ ਨੂੰ ਇਸ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ‘ਇੰਡੀਗੋ’ ਨੂੰ ਚਲਾਉਣ ਵਾਲੀ ‘ਇੰਟਰਗਲੋਬ’ ਨੂੰ ਸਭ ਤੋਂ ਜ਼ਿਆਦਾ ਵਿੱਤੀ ਘਾਟਾ ਪਿਆ ਹੈ, ਜੋ ਹੁਣ ਵਧ ਕੇ 3,174 ਕਰੋੜ ਰੁਪਏ ’ਤੇ ਪੁੱਜ ਗਿਆ ਹੈ। ਦੱਸ ਦੇਈਏ ਕਿ ‘ਫ਼ੋਰਬਸ’ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਕੇਸ਼ ਝੁਨਝੁਨਵਾਲਾ ਕੋਲ ਇਸ ਵੇਲੇ 4.6 ਅਰਬ ਡਾਲਰ ਦੀ ਸੰਪਤੀ ਹੈ। ਭਾਰਤ ’ਚ ਸਰਗਰਮ ਏਅਰਲਾਈਨਜ਼ ਕੋਲ 900 ਹਵਾਈ ਜਹਾਜ਼ ਹਨ; ਜਿਨ੍ਹਾਂ ਵਿੱਚੋਂ 185 ਬੋਇੰਗ 737 ਹਵਾਈ ਜਹਾਜ਼ ਹਨ; ਜਦ ਕਿ 710 ‘ਏਅਰਬੱਸ’ ਕੰਪਨੀ ਦੇ ਹਨ।