ਅੰਬਾਨੀ ਦੇ ਘਰ ਨੇੜਿਓਂ ਮਿਲੀ ਬਾਰੂਦ ਲੱਦੀ ਗੱਡੀ ਦੇ ਮਾਲਕ ਦੀ ਸ਼ੱਕੀ ਹਾਲਤ ‘ਚ ਮਿਲੀ ਲਾਸ਼, ਭਾਜਪਾ ਮੰਤਰੀ ਨੇ ਲਾਏ ਗੰਭੀਰ ਦੋਸ਼
ਦੇਵੇਂਦਰ ਫੜਨਵੀਸ ਨੇ ਬਜਟ ਇਜਲਾਸ ਦੌਰਾਨ ਵਿਧਾਨ ਸਭਾ ਅੰਦਰ ਸਵਾਲ ਚੁੱਕਦਿਆਂ ਕਿਹਾ ਕਿ ਇਸ ਮਾਮਲੇ ਨਾਲ ਸਚਿਨ ਵਾਝੇ ਦਾ ਸੰਬੰਧ ਕੀ ਸਿਰਫ ਸੰਜੋਗ ਹੈ?
ਮੁੰਬਈ: 25 ਫ਼ਰਵਰੀ ਨੂੰ ਧਮਾਕਾਖੇਜ ਸਮੱਗਰੀ ਯਾਨੀ ਜੇਲੇਟਿਨ ਛੜਾਂ ਨਾਲ ਲੱਦੀ ਐਸਯੂਵੀ ਤਾਂ ਚੋਰੀ ਦੀ ਨਿਕਲੀ, ਪਰ ਹੁਣ ਇਸ ਦੇ ਮਾਲਕ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਮਨਸੁਖ ਹਿਰੇਨ ਵਜੋਂ ਹੋਈ ਹੈ, ਉਸ ਦੀ ਲਾਸ਼ ਰੇਤੀ ਬੰਦਰਗਾਹ ਨੇੜਿਓਂ ਮਿਲੀ ਹੈ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਮਾਮਲੇ ਵਿੱਚ ਗੰਭੀਰ ਦੋਸ਼ ਲਾਏ ਹਨ।
ਦੇਵੇਂਦਰ ਫੜਨਵੀਸ ਨੇ ਬਜਟ ਇਜਲਾਸ ਦੌਰਾਨ ਵਿਧਾਨ ਸਭਾ ਅੰਦਰ ਸਵਾਲ ਚੁੱਕਦਿਆਂ ਕਿਹਾ ਕਿ ਇਸ ਮਾਮਲੇ ਨਾਲ ਸਚਿਨ ਵਾਝੇ ਦਾ ਸੰਬੰਧ ਕੀ ਸਿਰਫ ਸੰਜੋਗ ਹੈ? ਫੜਨਵੀਸ ਨੇ ਕਿਹਾ ਕਿ 26 ਫ਼ਰਵਰੀ ਨੂੰ ਅੰਬਾਨੀ ਦੇ ਘਰ ਨੇੜਿਓਂ ਵਿਸਫੋਟਕ ਨਾਲ ਭਰਿਆ ਵਾਹਨ ਮਿਲਿਆ, ਉਨ੍ਹਾਂ ਦੀ ਸੁਰੱਖਿਆ ਮਹੱਤਵਪੂਰਨ ਹੈ।
ਇਸ ਦਾ ਇਲਜ਼ਾਮ ਜੈਸ਼-ਉਲ-ਹਿੰਦ ਉੱਪਰ ਲਾਇਆ ਗਿਆ, ਪਰ ਸੰਗਠਨ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, “ਪਹਿਲਾਂ ਇਸ ਮਾਮਲੇ ਦੀ ਜਾਂਚ ਸਚਿਨ ਵਾਝੇ ਨੂੰ ਸੌਂਪੀ ਗਈ, ਪਰ ਤਿੰਨ ਦਿਨ ਪਹਿਲਾਂ ਉਸ ਨੂੰ ਹਟਾ ਲਿਆ ਗਿਆ ਪਰ ਹੁਣ ਮੁੜ ਨਿਯੁਕਤ ਕਰ ਦਿੱਤਾ ਗਿਆ, ਅਜਿਹਾ ਕਿਓਂ?” ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਰ ਮਾਲਕ ਦੀ ਲਾਸ਼ ਵੀ ਠਾਣੇ ਤੋਂ ਮਿਲੀ ਤੇ ਵਾਝੇ ਵੀ ਠਾਣੇ ਵਿੱਚ ਰਹਿੰਦੇ ਹਨ ਅਤੇ ਉਹ ਘਟਨਾ ਸਥਾਨ ਉੱਪਰ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿੱਚੋਂ ਸਨ। ਉਨ੍ਹਾਂ ਮਾਮਲੇ ਦੀ ਜਾਂਚ ਕਿਸੇ ਕੌਮੀ ਏਜੰਸੀ ਤੋਂ ਕਰਵਾਉਣ ਲਈ ਕਿਹਾ।
ਮੁੰਬਈ ਪੁਲਿਸ ਵਿੱਚ ਸਹਾਇਕ ਪੁਲਿਸ ਇੰਸਪੈਕਟਰ ਦੇ ਅਹੁਦੇ ‘ਤੇ ਕਾਰਜਸ਼ੀਲ ਪਰ ਐਨਕਾਊਂਟਰ ਸਪੈਸ਼ਲਿਸਟ ਵਜੋਂ ਜਾਣੇ ਜਾਂਦੇ ਸਚਿਨ ਵਾਂਝੇ ਨੇ ਮੀਡੀਆ ਸਾਹਮਣੇ ਕਿਹਾ ਕਿ ਉਸ ਨੂੰ ਮਨਸੁਖ ਹਿਰੇਨ ਦੀ ਮੌਤ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਉਨ੍ਹਾਂ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ ਆਉਣ ਮਗਰੋਂ ਸਭ ਸਾਫ਼ ਹੋ ਜਾਵੇਗਾ। ਦੱਸਣਾ ਬਣਦਾ ਹੈ ਕਿ ਖ਼ਵਾਜਾ ਯੁਨੂਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਕਾਰਨ ਸਚਿਨ ਵਾਝੇ ਨੂੰ ਸਾਲ 2004 ਵਿੱਚ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਜੂਨ 2020 ਨੂੰ ਉਹ ਮੁੜ ਨਿਯੁਕਤ ਕੀਤੇ ਗਏ ਸਨ।
ਉੱਧਰ, ਮ੍ਰਿਤੂ ਮਨਸੁਖ ਹਿਰੇਨ ਦੀ ਪਤਨੀ ਨੇ ਨਿਆਂ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੇ ਪਤੀ ਖ਼ੁਦਕੁਸ਼ੀ ਨਹੀਂ ਕਰ ਸਕਦੇ। ਉਸ ਨੇ ਕਿਹਾ ਕਿ ਉਸ ਦੇ ਪਤੀ ਪੁਲਿਸ ਕੋਲ ਹੀ ਸਨ ਅਤੇ ਪੂਰੇ ਦਿਨ ਬਾਅਦ ਉਹ ਵਾਪਸ ਨਹੀਂ ਆਏ ਤੇ ਰਾਤ ਨੂੰ ਉਨ੍ਹਾਂ ਦਾ ਫ਼ੋਨ ਬੰਦ ਹੋ ਗਿਆ। ਪੂਰੇ ਮਾਮਲੇ ‘ਤੇ ਟਿੱਪਣੀ ਕਰਦਿਆਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਅੱਤਵਾਦੀ ਵਿਰੋਧੀ ਦਸਤਾ (ATS) ਕਰੇਗਾ।