ਪੜਚੋਲ ਕਰੋ
5000 ਕਰੋੜ ਦੇ ਬੈਂਕਿੰਗ ਧੋਖਾਧੜੀ 'ਚ ਵੱਡੀ ਕਾਰਵਾਈ, 4701 ਕਰੋੜੀ ਜਾਇਦਾਦ ਜ਼ਬਤ

ਨਵੀਂ ਦਿੱਲੀ: ਬੈਂਕਾਂ ਨੂੰ ਕਰੋੜਾਂ ਰੁਪਇਆਂ ਦਾ ਚੂਨਾ ਲਾਉਣ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੇ ਬੈਂਕ ਨਾਲ 5 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕਰਨ ਵਾਲੇ ਸੰਦੇਸਾਰਾ ਗਰੁੱਪ ਦੀ 4701 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਨੇ ਸੰਦੇਸਰਾ ਗਰੁੱਪ ਦੇ ਮਾਲਕਾਂ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਜਾਇਦਾਦ, ਰੇਂਜ ਰੋਵਰ ਗੱਡੀ, ਫ਼ਰਜ਼ੀ ਚੈੱਕ ਬੁੱਕ, 200 ਤੋਂ ਜ਼ਿਆਦਾ ਬੈਂਕ ਖ਼ਾਤੇ, ਬਾਇਓਟੈਕ ਪਲਾਂਟ ਤੇ ਹੋਰ ਜ਼ਬਤ ਕੀਤੇ। ਗੁਜਰਾਤ, ਮੁੰਬਈ ਤੇ ਹੋਰ ਕਈ ਥਾਈਂ ਕੀਤੀ ਛਾਪੇਮਾਰੀ ਦੌਰਾਨ 50 ਤੋਂ ਜ਼ਿਆਦਾ ਵਿਦੇਸ਼ੀ ਬੈਂਕਾਂ ਦੇ ਖ਼ਾਤੇ ਵੀ ਮਿਲੇ। ਸੰਦੇਸਰਾ ਗਰੁੱਪ ਨੇ ਆਂਧਰਾ ਬੈਂਕ, ਯੂਕੋ ਬੈਂਕ, ਐਸਬੀਆਈ ਬੈਂਕ, ਬੈਂਕ ਆਫ ਇੰਡੀਆ ਤੇ ਇਲਾਹਾਬਾਦ ਬੈਂਕ ਤੋਂ ਕਰਜ਼ਾ ਲਿਆ ਸੀ। ਸੰਦੇਸਰਾ ਗਰੁੱਪ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਦੇਸ਼-ਵਿਦੇਸ਼ ਵਿੱਚ 300 ਸ਼ੈੱਲ ਕੰਪਨੀਆਂ (ਜੋ ਸਿਰਫ਼ ਕਾਗਜ਼ਾਂ ਵਿੱਚ ਹੁੰਦੀਆਂ ਹਨ) ਬਣਾ ਕੇ ਕਰਜ਼ੇ ਲਏ। ਇਸ ਮਾਮਲੇ ਵਿੱਚ ਈਡੀ ਨੇ ਆਂਧਰਾ ਬੈਂਕ ਦੇ ਸਾਬਕਾ ਨਿਰਦੇਸ਼ਕ ਅਨੂਪ ਗਰਗ ਸਣੇ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਚੇਤਨ ਸੰਦੇਸਰੀਆ ਤੇ ਨਿਤਿਨ ਸੰਦੇਸਰੀਆ ਖ਼ਿਲਾਫ਼ ਗ਼ੈਰਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਐਫਆਈਆਰ ਮੁਤਾਬਕ ਕੰਪਨੀ ਨੇ ਆਂਧਰਾ ਬੈਂਕ ਨਾਲ ਸਬੰਧਿਤ ਇੱਕ ਕੰਜ਼ੋਰਟੀਅਮ ਤੋਂ 5 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਜੋ ਬਾਅਦ ਵਿੱਚ ਐਨਪੀਏ ਵਿੱਚ ਬਦਲ ਗਿਆ।
ਕਿੱਥੇ ਵਰਤੇ 5 ਹਜ਼ਾਰ ਕਰੋੜ
- ਬੈਂਕਾਂ ਤੋਂ ਕਰਜ਼ਾ ਲੈ ਕੇ ਵੱਖ-ਵੱਖ ਥਾਵਾਂ ’ਤੇ ਸ਼ਾਨਦਾਰ ਬੰਗਲੇ ਤੇ ਬੇਨਾਮੀ ਜਾਇਦਾਦ ਬਣਾਈ ਗਈ।
- ਕਰਜ਼ੇ ਦੇ ਪੈਸੇ ਲੈਂਡ ਰੋਵਰ, ਮਰਸਿਡੀਜ਼ ਤੇ BMW ਦੀਆਂ ਮਹਿੰਗੀਆਂ ਗੱਡੀਆਂ ਖ਼ਰੀਦੀਆਂ ਗਈਆਂ।
- ਮੌਰੀਸ਼ਸ, ਦੁਬਈ ਤੇ ਹੋਰ ਥਾਵਾਂ ’ਤੇ ਕਾਰੋਬਾਰ ਦੇ ਨਾਂ ’ਤੇ ਪੈਸੇ ਭੇਜੇ ਗਏ।
- ਕਰਜ਼ੇ ਦੇ ਪੈਸਿਆਂ ਨਾਲ ਕਈ ਸਰਕਾਰੀ ਮੁਲਾਜ਼ਮਾਂ ਨੂੰ ਰਿਸ਼ਵਤ ਵੀ ਦਿੱਤੀ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















