Himachal Election 2022: ਹਿਮਾਚਲ ਦੇ ਅਗਲੇ ਮੁੱਖ ਮੰਤਰੀ ਬਾਰੇ ਹਾਈਕਮਾਂਡ ਫੈਸਲਾ ਕਰੇਗੀ: ਅਨੁਰਾਗ ਠਾਕੁਰ
Himachal Election : ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੀ 'ਡਬਲ ਇੰਜਣ' ਸਰਕਾਰ ਨੇ ਇਸ ਪਹਾੜੀ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕੀਤਾ ਹੈ।
Anurag Thakur On Himachal Elections: ਚੋਣ ਕਮਿਸ਼ਨ ਵੱਲੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਇੱਥੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ (19 ਅਕਤੂਬਰ) ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਜਿੱਤਣ ਦੀ ਸਥਿਤੀ ਵਿੱਚ ਪਾਰਟੀ ਹਾਈ ਕਮਾਂਡ ਅਗਲੇ ਮੁੱਖ ਮੰਤਰੀ ਦੀ ਚੋਣ ਬਾਰੇ ਫ਼ੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ 'ਡਬਲ ਇੰਜਣ' ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੈ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਬਾਰੇ ਪੁੱਛੇ ਜਾਣ 'ਤੇ ਮੀਡੀਆ ਨੂੰ ਕਿਹਾ ਕਿ ਇਹ ਹਿਮਾਚਲ ਹੈ ਜਾਂ ਕੋਈ ਹੋਰ ਸੂਬਾ, ਇਸ ਸਬੰਧੀ ਫੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਮੁੱਖ ਮੰਤਰੀ ਜੈ ਰਾਮ ਠਾਕੁਰ ਕਾਂਗਰਸ ਦੀ ਚੁਣੌਤੀ ਨੂੰ ਪਛਾੜ ਕੇ ਚੋਣ ਜਿੱਤਣ ਦੀ ਉਮੀਦ ਕਰ ਰਹੇ ਹਨ।
ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਜਿੱਤਣ ਦਾ ਭਰੋਸਾ ਜਤਾਉਂਦਿਆਂ ਦਾਅਵਾ ਕੀਤਾ ਕਿ ਚੋਣਾਂ ਵਿੱਚ ਵਿਰੋਧੀ ਕਾਂਗਰਸ ਦੀ ਹਾਰ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉੱਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ, ਗੋਆ ਵਿੱਚ ਕਾਮਯਾਬੀ ਦੀ ਉਮੀਦ ਸੀ ਪਰ ਸਾਨੂੰ ਕਿਤੇ ਵੀ ਕਾਂਗਰਸ ਨਜ਼ਰ ਨਹੀਂ ਆਈ।ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਅਸੀਂ ਦੇਖਾਂਗੇ ਕਿ ਇੱਥੇ ਹਿਮਾਚਲ ਵਿੱਚ ਕੀ ਹੁੰਦਾ ਹੈ। ਹਮੀਰਪੁਰ ਤੋਂ ਲੋਕ ਸਭਾ ਮੈਂਬਰ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੀ 'ਡਬਲ ਇੰਜਣ' ਸਰਕਾਰ ਨੇ ਇਸ ਪਹਾੜੀ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਿਛਲੀਆਂ ਚੋਣਾਂ ਨਾਲੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਏਗੀ।
ਠਾਕੁਰ ਦੇ ਪਿਤਾ ਅਤੇ ਸਹੁਰੇ ਦੀ ਟਿਕਟ ਕੱਟੀ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਬੁੱਧਵਾਰ ਨੂੰ 62 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਹਿਮਾਚਲ ਚੋਣਾਂ ਵਿੱਚ ਪੰਜ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਹਿਮਾਚਲ 'ਚ ਭਾਜਪਾ ਦੇ ਵੱਡੇ ਚਿਹਰੇ ਅਤੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਪਿਤਾ ਪ੍ਰੇਮ ਕੁਮਾਰ ਧੂਮਲ ਨੂੰ ਵੀ ਟਿਕਟ ਨਹੀਂ ਦਿੱਤੀ ਗਈ ਹੈ। ਧੂਮਲ ਇਸ ਵਾਰ ਚੋਣ ਨਹੀਂ ਲੜਨਗੇ। ਉਨ੍ਹਾਂ ਦੀਆਂ ਰਵਾਇਤੀ ਹਮੀਰਪੁਰ ਅਤੇ ਸੁਜਾਨਪੁਰ ਦੋਵਾਂ ਸੀਟਾਂ 'ਤੇ ਉਨ੍ਹਾਂ ਦੇ ਪਰਿਵਾਰ ਦੇ ਕਰੀਬੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।ਇਸ ਤੋਂ ਇਲਾਵਾ ਅਨੁਰਾਗ ਠਾਕੁਰ ਦੇ ਸਹੁਰੇ ਗੁਲਾਬ ਸਿੰਘ ਠਾਕੁਰ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੜਕੀ ਆਵਾਜਾਈ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਗੁਲਾਬ ਸਿੰਘ ਠਾਕੁਰ ਨੂੰ ਵੀ ਜੋਗਿੰਦਰ ਨਗਰ ਤੋਂ ਟਿਕਟ ਨਹੀਂ ਦਿੱਤੀ ਗਈ ਹੈ।
ਮਲਿਕਾਰਜੁਨ ਖੜਗੇ ਨੂੰ ਕਾਂਗਰਸ ਪ੍ਰਧਾਨ ਚੁਣੇ ਜਾਣ 'ਤੇ ਵਧਾਈ
ਅਨੁਰਾਗ ਠਾਕੁਰ ਨੇ ਮਲਿਕਾਰਜੁਨ ਖੜਗੇ ਨੂੰ ਕਾਂਗਰਸ ਦਾ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੀ ਪ੍ਰਧਾਨਗੀ ਦੀ ਚੋਣ ਵਿੱਚ ਵੋਟਾਂ ਰੱਦ ਹੋ ਗਈਆਂ ਸਨ। ਕਿੰਨੀਆਂ ਵੋਟਾਂ ਰੱਦ ਹੋਈਆਂ, ਕਿੰਨੀਆਂ ਵੋਟਾਂ ਗ਼ਲਤ ਪਾਈਆਂ ਗਈਆਂ। ਹੋਰ ਵੀ ਸਵਾਲ ਉੱਠਦੇ ਹਨ।