ਪੜਚੋਲ ਕਰੋ
ਸੋਮਵਾਰ ਰਿਹਾਅ ਹੋਣਗੇ ਆਰੁਸ਼ੀ ਦੇ ਮਾਤਾ ਪਿਤਾ

ਦਿੱਲੀ: ਆਪਣੀ ਧੀ ਆਰੁਸ਼ੀ ਤੇ ਨੌਕਰ ਹੇਮਰਾਜ ਦੇ ਕਤਲ ਕੇਸ ਵਿੱਚੋਂ ਬਰੀ ਕੀਤੇ ਰਾਜੇਸ਼ ਤੇ ਨੁਪੁਰ ਤਲਵਾਰ ਦੀ ਜੋੜੀ ਸੋਮਵਾਰ ਨੂੰ ਦਾਸਨਾ ਜੇਲ੍ਹ ਵਿੱਚੋਂ ਰਿਹਾਅ ਹੋ ਸਕਦੀ ਹੈ। ਤਲਵਾਰ ਜੋੜੀ ਦੇ ਵਕੀਲ ਤਨਵੀਰ ਮੀਰ ਅਹਿਮਦ ਨੇ ਦੱਸਿਆ ਕਿ ਇਸ ਜੋੜੀ ਦੇ ਅੱਜ ਰਿਹਾਅ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ ਕਿਉਂਕਿ ਹਾਲੇ ਤੱਕ ਉਨ੍ਹਾਂ ਨੂੰ ਅਦਾਲਤੀ ਫ਼ੈਸਲੇ ਦੀ ਕਾਪੀ ਹੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਰਿਹਾਈ ਆਉਂਦੇ ਸੋਮਵਾਰ ਨੂੰ ਹੀ ਹੋ ਸਕਦੀ ਹੈ ਕਿਉਂਕਿ ਭਲਕੇ ਦੁਜਾ ਸ਼ਨਿਚਰਵਾਰ ਹੈ। ਤਲਵਾਰ ਜੋੜੀ ਨਵੰਬਰ 2013 ਤੋਂ ਇਸ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਹਾਲੇ ਤੱਕ ਅਦਾਲਤ ਦੇ ਨਿਰਦੇਸ਼ ਨਹੀਂ ਮਿਲੇ ਹਨ, ਜਦੋਂ ਵੀ ਨਿਰਦੇਸ਼ ਮਿਲਦੇ ਹਨ, ਰਿਹਾਈ ਹੋ ਜਾਵੇਗੀ। ਉਧਰ ਅਲਾਹਬਾਦ ਹਾਈ ਕੋਰਟ ਨੇ ਆਰੁਸ਼ੀ ਕਤਲ ਕੇਸ ਸਬੰਧੀ ਟਰਾਇਲ ਕੋਰਟ ਦੇ ਜੱਜ ਦੇ ਫ਼ੈਸਲੇ ਵਿੱਚ ਮੀਨ-ਮੇਖ ਕੱਢਦਿਆਂ ਕਿਹਾ ਕਿ ਜੱਜ ਨੇ ਇੱਕ ਫ਼ਿਲਮ ਨਿਰਦੇਸ਼ਕ ਵਾਂਙ ਕੰਮ ਕਰਦਿਆਂ ਗਲਪੀ ਤਸੱਵਰ ਸਿਰਜਿਆ, ਗ਼ਲਤ ਦ੍ਰਿਸ਼ਟਾਂਤ ਨੂੰ ਵਰਤਦਿਆਂ ਕਾਨੂੰਨ ਦੇ ਮੁੱਢਲੇ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕੀਤਾ। ਇੱਕ ਹੋਰ ਰਿਪੋਰਟ ਮੁਤਾਬਕ ਜਿਹੜੇ ਫਲੈਟ (ਐਲ-32 ਜਲਵਾਯੂ ਵਿਹਾਰ, ਨੌਇਡਾ) ਵਿੱਚ ਸੰਨ 2008 ਵਿੱਚ ਆਰੁਸ਼ੀ ਤੇ ਹੇਮਰਾਜ ਦਾ ਕਤਲ ਹੋਇਆ ਸੀ, ਉਸ ਵਿੱਚ ਹੁਣ ਕੋਈ ਹੋਰ ਪਰਿਵਾਰ ਰਹਿ ਰਿਹਾ ਹੈ। ਸੰਭਾਵਨਾ ਹੈ ਕਿ ਤਲਵਾਰ ਜੋੜੀ ਰਿਹਾਈ ਤੋਂ ਬਾਅਦ ਨੁਪੁਰ ਤਲਵਾਰ ਦੇ ਪਿਤਾ ਦੇ ਇੱਥੇ ਸੈਕਟਰ 25 ਸਥਿਤ ਘਰ ਵਿੱਚ ਰਹੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















