ਆਸਾਮ ਨੂੰ ਮਿਲੇ ਨਵੇਂ ਮੁੱਖ ਮੰਤਰੀ, ਹੇਮੰਤ ਬਿਸਵਾ ਸਰਮਾ ਸੰਭਾਲਣਗੇ ਕਮਾਨ
ਵਿਧਾਇਕ ਪਾਰਟੀ ਦੀ ਮੀਟਿੰਗ ’ਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ ਕੇਂਦਰੀ ਨਿਗਰਾਨ ਵਜੋਂ ਮੌਜੂਦ ਰਹੇ।
ਗੁਹਾਟੀ (ਆਸਾਮ): ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੂੰ ਆਸਾਮ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਹੈ। ਹੁਣ ਹੇਮੰਤ ਬਿਸਵਾ ਸਰਮਾ ਹੀ ਆਸਾਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸ਼ਾਮੀਂ ਚਾਰ ਵਜੇ ਰਾਜਪਾਲ ਜਗਦੀਸ਼ ਮੁਖੀ ਨਾਲ ਮੁਲਾਕਾਤ ਕਰਕੇ ਰਾਜ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤੋਂ ਬਾਅਦ ਭਲਕੇ ਹੇਮੰਤ ਬਿਸਪਾ ਮੁੱਖ ਮੰਤਰੀ ਦੇ ਅਹੁਦੇ ਦਾ ਹਲਫ਼ ਲੈ ਸਕਦੇ ਹਨ।
ਵਿਧਾਇਕ ਪਾਰਟੀ ਦੀ ਮੀਟਿੰਗ ’ਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ ਕੇਂਦਰੀ ਨਿਗਰਾਨ ਵਜੋਂ ਮੌਜੂਦ ਰਹੇ। ਬੈਠਕ ਖ਼ਤਮ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ, ਸਰਬਸੰਮਤੀ ਨਾਲ ਆਸਾਮ ਰਾਜ ਭਾਜਪਾ ਵਿਧਾਨ ਮੰਡਲ ਦੇ ਆਗੂ ਵਜੋਂ ਸ੍ਰੀ ਹੇਮੰਤ ਬਿਸਵਾ ਸਰਮਾ ਨੂੰ ਵਿਧਾਇਕ ਦਲ ਦਾ ਨੇਤਾ ਐਲਾਨਦਾ ਹਾਂ। ਵਿਧਾਇਕ ਪਾਰਟੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਬਾਨੰਦ ਸੋਨੋਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਭਾਜਪਾ ਹਾਈਕਮਾਂਡ ਨੇ ਸਰਬਾਨੰਦ ਸੋਨੋਵਾਲ ਤੇ ਹੇਮੰਤ ਬਿਸਵਾ ਸਰਮਾ ਨੂੰ ਕੱਲ੍ਹ ਦਿੱਲੀ ਸੱਦਿਆ ਗਿਆ ਸੀ। ਦੋਵੇਂ ਆਗੂਆਂ ਦੀ ਦਿੱਲੀ ’ਚ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਸੀ। ਭਾਜਪਾ ਨੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਦੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਸੀ।
ਉਸ ਨੇ 2016 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਨੋਵਾਲ ਨੂੰ ਇਸ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਸੀ ਤੇ ਚੋਣ ਜਿੱਤੀ ਸੀ। ਇਸ ਦੇ ਨਾਲ ਹੀ ਉੱਤਰ–ਪੂਰਬ ਵਿੱਚ ਭਗਵਾ ਦਲ ਦੀ ਪਹਿਲੀ ਸਰਕਾਰ ਕਾਇਮ ਹੋਈ ਸੀ। ਇਸ ਵਾਰ ਪਾਰਟੀ ਕਹਿੰਦੀ ਰਹਿੰਦੀ ਕਿ ਉਹ ਚੋਣਾਂ ਤੋਂ ਬਾਅਦ ਫ਼ੈਸਲਾ ਕਰੇਗੀ ਕਿ ਆਸਾਮ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ।
ਭਾਜਪਾ ਨੇ 126 ਮੈਂਬਰੀ ਆਸਾਮ ਵਿਧਾਨ ਸਭਾ ’ਚ 60 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ, ਜਦ ਕਿ ਉਸ ਦੀ ਗੱਠਜੋੜ ਸਹਿਯੋਗੀ ‘ਅਸਮ ਗਣ ਪ੍ਰੀਸ਼ਦ’ ਨੇ 9 ਅਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨੇ ਛੇ ਸੀਟਾਂ ਜਿੱਤੀਆਂ ਹਨ। ਸਰਬਾਨੰਦ ਸੋਨੋਵਾਲ ਨੇ ਕਾਂਗਰਸੀ ਆਗੂ ਰਾਜਿਬਲੋਚਨ ਪੇਗੂ ਨੂੰ 43,192 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਮਾਜੁਲੀ ’ਚ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ।
ਸੀਨੀਅਰ ਮੰਤਰੀ ਤੇ ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਰੋਮੇਨ ਚੰਦਰ ਬੋਰਠਾਕੁਰ ਨੂੰ 1,01,911 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਾਲੁਕਬਾਰੀ ਸੀਟ ਉੱਤੇ ਕਬਜ਼ਾ ਕਾਇਮ ਰੱਖਿਆ ਹੈ। ਸੋਨੋਵਾਲ ਤੇ ਸਰਮਾ ਤੋਂ ਇਲਾਵਾ 13 ਹੋਰ ਭਾਜਪਾ ਮੰਤਰੀ ਆਸਾਨੀ ਨਾਲ ਆਪਣੀ ਸੀਟ ਕਾਇਮ ਰੱਖਣ ’ਚ ਸਫ਼ਲ ਰਹੇ ਹਨ।