ਬਿਹਾਰ 'ਚ ਬੀਜੇਪੀ ਨੂੰ ਵੱਡਾ ਝਟਕਾ! ਨਿਤੀਸ਼ ਕੁਮਾਰ ਨੇ ਗੱਠਜੋੜ ਤੋੜਿਆ
Bihar BJP JDU Alliance End: ਬਿਹਾਰ 'ਚ 5 ਸਾਲ ਬਾਅਦ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਤੇ ਭਾਜਪਾ ਵਿਚਾਲੇ ਗਠਜੋੜ ਫਿਰ ਟੁੱਟ ਗਿਆ ਹੈ।
Bihar BJP JDU Alliance End: ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਤੇ ਭਾਜਪਾ ਵਿਚਾਲੇ ਗਠਜੋੜ ਫਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇਡੀਯੂ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ ਹੈ। ਇੱਥੇ ਨਿਤੀਸ਼ ਨੇ ਰਾਜਪਾਲ ਫੱਗੂ ਸਿੰਘ ਚੌਹਾਨ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ।
ਹੁਣ ਮੁੱਖ ਮੰਤਰੀ ਜੇਡੀਯੂ ਨੇਤਾਵਾਂ ਨਾਲ ਰਾਜ ਭਵਨ ਜਾਣਗੇ। ਪੁਲਿਸ ਨੇ ਰਾਜ ਭਵਨ ਨੇੜੇ ਬੈਰੀਕੇਡ ਲਗਾ ਦਿੱਤੇ ਹਨ। ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ। ਇੱਥੇ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਖੱਬੀਆਂ ਪਾਰਟੀਆਂ ਨੇ ਨਿਤੀਸ਼ ਸਰਕਾਰ ਨੂੰ ਸਮਰਥਨ ਦੇਣ ਲਈ ਪੱਤਰ ਤਿਆਰ ਕੀਤਾ ਹੈ। ਇਸ ਦੌਰਾਨ ਕਾਂਗਰਸ ਵਿਧਾਇਕ ਸ਼ਕੀਲ ਅਹਿਮਦ ਖਾਨ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਮਹਾਗਠਜੋੜ ਦੇ ਮੁੱਖ ਮੰਤਰੀ ਹੋਣਗੇ। ਸਭ ਕੁਝ ਤੈਅ ਹੋ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜਪਾਲ ਫਾਗੂ ਚੌਹਾਨ ਨੂੰ ਮਿਲਣਗੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਹਾਗਠਜੋੜ ਦੇ ਮੈਂਬਰਾਂ ਤੋਂ ਸਮਰਥਨ ਦੇ ਪੱਤਰ ਮਿਲੇ ਹਨ। ਮੁੱਖ ਮੰਤਰੀ ਨੇ ਆਪਣੀ ਪਾਰਟੀ ਜੇਡੀਯੂ ਦੇ ਵਿਧਾਇਕਾਂ ਨਾਲ ਮੀਟਿੰਗ ਮਗਰੋਂ ਭਾਜਪਾ ਨਾਲ ਗਠਜੋੜ ਤੋੜਨ ਦਾ ਐਲਾਨ ਕੀਤਾ ਹੈ। ਗੱਠਜੋੜ ਦਾ ਟੁੱਟਣਾ ਪਹਿਲਾਂ ਹੀ ਤੈਅ ਸੀ ਕਿਉਂਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਜਲਦੀ ਹੀ ਧਮਾਕਾਖੇਜ਼ ਖਬਰ ਦੀ ਭਵਿੱਖਬਾਣੀ ਕੀਤੀ ਸੀ।
ਨਿਤੀਸ਼ ਕੁਮਾਰ ਦੇ ਸਮਰਥਕ ਇਲਜ਼ਾਮ ਲਗਾ ਰਹੇ ਹਨ ਕਿ ਭਾਜਪਾ ਮਹਾਰਾਸ਼ਟਰ ਵਾਂਗ ਜੇਡੀਯੂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਆਰਜੇਡੀ ਦੇ ਵਿਧਾਇਕਾਂ ਦੀ ਮੀਟਿੰਗ ਪਾਰਟੀ ਦੇ ਨੇਤਾ ਤੇਜਸਵੀ ਯਾਦਵ ਨੇ ਆਪਣੀ ਮਾਂ ਰਾਬੜੀ ਦੇਵੀ ਦੇ ਬੰਗਲੇ ’ਤੇ ਸੱਦੀ ਹੋਈ ਹੈ। ਇਸ ਦੌਰਾਨ ਰਾਜ ਦੇ ਸਿਆਸੀ ਘਟਨਾਕ੍ਰਮ ਦੇ ਮੱਦੇਨਜ਼ਰ ਕਾਂਗਰਸ ਦੇ ਵਿਧਾਇਕ ਵੀ ਪਟਨਾ ਪੁੱਜ ਗਏ ਹਨ।