ਬਾਦਲ ਮਗਰੋਂ ਨਿਤਿਸ਼ ਦਾ ਬੀਜੇਪੀ ਤੋਂ ਮੋਹ ਭੰਗ, ਮੀਟਿੰਗ 'ਚ ਲਾਏ ਵੱਡੇ ਇਲਜ਼ਾਮ
ਪਾਰਟੀ ਦੀ ਸੂਬਾ ਵਰਕਿੰਗ ਕਮੇਟੀ ਦੀ ਬੈਠਕ 'ਚ ਨਿਤਿਸ਼ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਹੀ ਉਨ੍ਹਾਂ ਨੂੰ ਸ਼ੱਕ ਹੋਇਆ ਸੀ ਕਿ ਉਨ੍ਹਾਂ ਨਾਲ ਗੜਬੜ ਕਰ ਦਿੱਤੀ ਗਈ ਹੈ।
ਪਟਨਾ: ਬਿਹਾਰ 'ਚ ਜੇਡੀਯੂ ਤੇ ਬੀਜੇਪੀ 'ਚ ਪਾਟੋਧਾੜ ਜੱਗ ਜ਼ਾਹਰ ਹੋ ਰਹੀ ਹੈ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਸ਼ਾਰਿਆਂ 'ਚ ਹੀ ਬੀਜੇਪੀ 'ਤੇ ਵੱਡਾ ਸ਼ਬਦੀ ਹਮਲਾ ਬੋਲਿਆ ਹੈ। ਆਪਣੀ ਪਾਰਟੀ ਦੀ ਸੂਬਾ ਵਰਕਿੰਗ ਕਮੇਟੀ ਦੀ ਬੈਠਕ 'ਚ ਨਿਤਿਸ਼ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਹੀ ਉਨ੍ਹਾਂ ਨੂੰ ਸ਼ੱਕ ਹੋਇਆ ਸੀ ਕਿ ਉਨ੍ਹਾਂ ਨਾਲ ਗੜਬੜ ਕਰ ਦਿੱਤੀ ਗਈ ਹੈ। ਇਹ ਸਭ ਉਸ ਵੇਲੇ ਹੋ ਰਿਹਾ ਹੈ ਜਦੋਂ ਕੁਝ ਸਮਾਂ ਪਹਿਲਾਂ ਹੀ ਐਨਡੀਏ ਦੇ ਸਭ ਤੋਂ ਵੱਡੇ ਪੈਰੋਕਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਤੋਂ ਆਪਣੇ ਰਾਹ ਵੱਖਰਾ ਕਰ ਲਿਆ ਹੈ।
ਨਿਤਿਸ਼ ਨੇ ਕਿਹਾ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕੌਣ ਦੋਸਤ ਤੇ ਕੌਣ ਦੁਸ਼ਮਨ ਹੈ। ਕਿਸ 'ਤੇ ਭਰੋਸਾ ਕਰਨ ਤੇ ਕਿਸ 'ਤੇ ਨਾ ਕਰਨ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਨਿਤਿਸ਼ ਨੇ ਅੱਜ ਫਿਰ ਦੁਹਰਾਇਆ ਕਿ ਉਹ ਬਿਹਾਰ 'ਚ NRC ਲਾਗੂ ਨਹੀਂ ਹੋਣ ਦੇਣਗੇ।
ਨਿਤਿਸ਼ ਕੁਮਾਰ ਦਾ ਵੱਡਾ ਫੈਸਲਾ
ਦਰਅਸਲ ਪਟਨਾ ਦੇ ਜੇਡੀਯੂ ਦਫਤਰ 'ਚ ਅੱਜ ਸੂਬਾ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਇਹ ਗੱਲਾਂ ਹੋਈਆਂ। ਜੇਡੀਯੂ ਲੀਡਰਾਂ ਨੇ ਕਿਹਾ ਸੀ ਕਿ ਬੀਜੇਪੀ ਨੇ ਜੇਡੀਯੂ ਦੀ ਪਿੱਠ 'ਚ ਛੁਰਾ ਮਾਰਿਆ ਤੇ ਇਸ ਕਾਰਨ ਹੀ ਪਾਰਟੀ ਦੀ ਬੁਰੀ ਹਾਲਤ ਹੋਈ। ਕਰੀਬ ਇਕ ਦਰਜਨ ਜੇਡੀਯੂ ਲੀਡਰਾਂ ਨੇ ਬੀਜੇਪੀ 'ਤੇ ਕਰਾਰਾ ਹਮਲਾ ਬੋਲਿਆ। ਇਸ ਤੋਂ ਬਾਅਦ ਨਿਤਿਸ਼ ਕੁਮਾਰ ਦੇ ਭਾਸ਼ਣ ਦੀ ਵਾਰੀ ਆਈ। ਨਿਤਿਸ਼ ਕੁਮਾਰ ਜਦੋਂ ਬੋਲਣ ਲਈ ਉੱਠਣ ਲੱਗੇ ਤਾਂ ਉਨ੍ਹਾਂ ਇਸ਼ਾਰਿਆਂ 'ਚ ਵੱਡੇ ਤਨਜ ਕੱਸੇ।
ਨਿਤਿਸ਼ ਨੇ ਕਿਹਾ ਚੋਣਾਂ 'ਚ ਧੋਖਾ ਖਾ ਗਏ
ਨਿਤਿਸ਼ ਕੁਮਾਰ ਨੇ ਆਪਣੀ ਪਾਰਟੀ ਦੇ ਲੀਡਰਾਂ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਹੀ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਧੋਖਾ ਖਾ ਗਏ ਹਨ। ਜਦੋਂ ਉਹ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਤੋਂ ਪਰਤ ਕੇ ਪਾਰਟੀ ਦਫ਼ਤਰ ਆਉਂਦੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਖੇਤਰ 'ਚ ਕੀ ਹੋ ਰਿਹਾ ਹੈ। ਨਿਤਿਸ਼ ਬੋਲੇ ਮੈਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਕੌਣ ਦੁਸ਼ਮਨ ਹੈ ਤੇ ਕੌਣ ਦੋਸਤ।
ਨਿਤਿਸ਼ ਨੇ ਕਿਹਾ ਮੇਰੀ ਸਰਕਾਰ 'ਚ ਏਨਾ ਚੰਗਾ ਕੰਮ ਚੱਲ ਰਿਹਾ ਸੀ ਪਰ ਕੂੜ ਪ੍ਰਚਾਰ ਨੇ ਜੇਡੀਯੂ ਨੂੰ ਚੋਣਾਂ 'ਚ ਹਰਵਾ ਦਿੱਤਾ। ਉਨ੍ਹਾਂ ਕਿਹਾ ਐਨਡੀਏ 'ਚ ਟਿਕਟਾਂ ਦਾ ਬਟਵਾਰਾ ਪੰਜ ਮਹੀਨੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਪਰ ਸਾਰੀਆਂ ਚੀਜ਼ਾਂ ਬਹੁਤ ਦੇਰੀ ਨਾਲ ਤੈਅ ਕੀਤੀਆਂ ਗਈਆਂ। ਅਸੀਂ ਕੀ ਕਰਦੇ ਸਾਡੇ ਕੈਂਡੀਡੇਟ ਕੀ ਕਰ ਸਕਦੇ ਸਨ।
ਬਿਹਾਰ 'ਚ NRC ਲਾਗੂ ਨਹੀਂ ਹੋਣ ਦੇਵਾਂਗੇ
ਨਿਤਿਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਬੀਜੇਪੀ ਨੂੰ ਕਹਿ ਦਿੱਤਾ ਸੀ ਕਿ ਉਹ ਬਿਹਾਰ 'ਚ NRC ਲਾਗੂ ਨਹੀਂ ਹੋਣ ਦੇਣਗੇ। ਉਹ ਹੁਣ ਵੀ ਉਸ ਗੱਲ 'ਤੇ ਕਾਇਮ ਹਨ। ਜੇਕਰ NRC ਲਿਆਉਣ ਦੀ ਕੋਸ਼ਿਸ਼ ਹੋਈ ਤਾਂ ਉਹ ਇਸ ਦਾ ਵਿਰੋਧ ਕਰਨਗੇ ਤੇ ਉਨ੍ਹਾਂ ਦੇ ਰਹਿੰਦਿਆਂ ਬਿਹਾਰ 'ਚ NRC ਲਾਗੂ ਨਹੀਂ ਹੋਵੇਗਾ। ਹਾਲਾਂਕਿ ਦੇਸ਼ 'ਚ NRC 'ਤੇ ਫਿਲਹਾਲ ਕੋਈ ਚਰਚਾ ਨਹੀਂ ਹੋ ਰਹੀ ਹੈ ਪਰ ਨਿਤਿਸ਼ ਨੇ ਇਸ ਦਾ ਜ਼ਿਕਰ ਕਰ BJP ਨੂੰ ਲਲਕਾਰਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ