ਹਰਿਆਣਾ 'ਚ ਚੱਲਿਆ ਭਾਜਪਾ ਦਾ ਪੁਰਾਣਾ ਪੈਂਤੜਾ ! ਇੰਝ ਖੋਹੀ ਕਾਂਗਰਸ ਤੋਂ ਜਿੱਤੀ ਬਾਜ਼ੀ, ਕਈ ਸੂਬਿਆਂ 'ਚ ਇਹੋ ਫਾਰਮੂਲ ਫਿੱਟ ਕਰਕੇ ਹੋਏ ਹਿੱਟ
ਹਰਿਆਣਾ ਵਿੱਚ ਸੱਤਾ ਵਿਰੋਧੀ ਸਣੇ ਕਈ ਮੁੱਦੇ ਅਜਿਹੇ ਸਨ, ਜਿਨ੍ਹਾਂ ਦਾ ਭਾਜਪਾ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਸੀ ਪਰ ਭਾਜਪਾ ਨੇ ਹਰਿਆਣਾ ਚੋਣਾਂ ਤੋਂ 7 ਮਹੀਨੇ ਪਹਿਲਾਂ ਅਜਿਹੀ ਹਰਕਤ ਕੀਤੀ, ਜਿਸ ਕਾਰਨ ਕਾਂਗਰਸ ਚਿੱਤ ਹੋ ਗਈ।
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਭਾਜਪਾ ਲਗਾਤਾਰ ਤੀਜੀ ਵਾਰ ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਇਨ੍ਹਾਂ ਨਤੀਜਿਆਂ ਨੇ ਹਰਿਆਣਾ ਸਬੰਧੀ ਸਾਰੇ ਐਗਜ਼ਿਟ ਪੋਲ ਵੀ ਗ਼ਲਤ ਸਾਬਤ ਕਰ ਦਿੱਤੇ। ਐਗਜ਼ਿਟ ਪੋਲ ਨੇ ਕਾਂਗਰਸ ਦੀ ਸ਼ਾਨਦਾਰ ਜਿੱਤ ਦਿਖਾਈ ਸੀ। ਭਾਜਪਾ ਨੇ ਹਰਿਆਣਾ ਵਿੱਚ ਸਿਰਫ਼ ਇਤਿਹਾਸ ਹੀ ਨਹੀਂ ਰਚਿਆ, ਸਗੋਂ ਇਸ ਦੇ ਪਿੱਛੇ ਅਮਿਤ ਸ਼ਾਹ ਦਾ ਪੁਰਾਣਾ ਫਾਰਮੂਲਾ ਹੈ, ਜਿਸ ਨੇ ਹਰਿਆਣਾ ਵਿੱਚ ਵੀ ਭਾਜਪਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਦਰਅਸਲ, ਪਿਛਲੇ 10 ਸਾਲਾਂ ਤੋਂ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਸੀ। ਅਜਿਹੇ 'ਚ ਸੱਤਾ ਵਿਰੋਧੀ ਸਣੇ ਕਈ ਮੁੱਦੇ ਅਜਿਹੇ ਸਨ, ਜਿਨ੍ਹਾਂ ਦਾ ਭਾਜਪਾ ਨੂੰ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਸੀ। ਪਰ ਭਾਜਪਾ ਨੇ ਹਰਿਆਣਾ ਚੋਣਾਂ ਤੋਂ 7 ਮਹੀਨੇ ਪਹਿਲਾਂ ਅਜਿਹੀ ਚਾਲ ਚੱਲੀ ਜਿਸ ਨਾਲ ਕਾਂਗਰਸ ਚਿੱਤ ਹੋ ਗਈ।
ਹਰਿਆਣਾ ਵਿਧਾਨ ਸਭਾ ਚੋਣਾਂ ਤੋਂ 7 ਮਹੀਨੇ ਪਹਿਲਾਂ ਭਾਜਪਾ ਨੇ ਅਚਾਨਕ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਹੁਦੇ ਤੋਂ ਹਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਦਰਅਸਲ, ਭਾਜਪਾ ਨੇ 2019 ਵਿੱਚ ਵੀ ਖੱਟਰ ਦੀ ਅਗਵਾਈ ਵਿੱਚ ਚੋਣਾਂ ਲੜੀਆਂ ਸਨ। ਉਦੋਂ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ ਸੀ। ਹਾਲਾਂਕਿ, ਜੇਜੇਪੀ ਦੇ ਸਮਰਥਨ ਨਾਲ, ਭਾਜਪਾ ਸਰਕਾਰ ਬਣਾਉਣ ਵਿੱਚ ਸਫਲ ਰਹੀ।
ਭਾਜਪਾ 2024 ਵਿੱਚ ਕੋਈ ਜ਼ੋਖ਼ਮ ਨਹੀਂ ਉਠਾਉਣਾ ਚਾਹੁੰਦੀ ਸੀ। ਇਸ ਲਈ ਚੋਣਾਂ ਤੋਂ 7 ਮਹੀਨੇ ਪਹਿਲਾਂ ਖੱਟਰ ਨੂੰ ਹਟਾ ਕੇ ਸੂਬੇ ਦੀ ਕਮਾਨ ਨਾਇਬ ਸਿੰਘ ਸੈਣੀ ਨੂੰ ਸੌਂਪ ਦਿੱਤੀ ਗਈ ਸੀ। ਭਾਜਪਾ ਨੇ ਸੈਣੀ ਦੀ ਅਗਵਾਈ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਇੱਕ ਨਵੇਂ ਚਿਹਰੇ ਨਾਲ ਜਨਤਾ ਦੇ ਸਾਹਮਣੇ ਪੇਸ਼ ਹੋਈ। ਨਤੀਜਿਆਂ ਤੋਂ ਸਪੱਸ਼ਟ ਹੈ ਕਿ ਜਨਤਾ ਨੇ ਨਾਇਬ ਸਿੰਘ ਸੈਣੀ 'ਤੇ ਭਰੋਸਾ ਪ੍ਰਗਟਾਇਆ ਹੈ। ਇਸ ਵਾਰ ਭਾਜਪਾ ਪੂਰੇ ਬਹੁਮਤ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ।
ਚੋਣਾਂ ਤੋਂ ਪਹਿਲਾਂ ਅਚਾਨਕ ਮੁੱਖ ਮੰਤਰੀ ਨੂੰ ਬਦਲਣ ਅਤੇ ਨਵੇਂ ਚਿਹਰੇ ਦੇ ਨਾਲ ਜਨਤਾ ਵਿੱਚ ਆਉਣ ਦਾ ਫਾਰਮੂਲਾ ਭਾਜਪਾ ਲਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਕਈ ਰਾਜਾਂ ਵਿੱਚ ਇਹ ਫਾਰਮੂਲਾ ਅਪਣਾ ਚੁੱਕੀ ਹੈ। ਉੱਥੇ ਵੀ ਇਹ ਸਫਲ ਰਿਹਾ। ਭਾਜਪਾ ਨੇ ਉੱਤਰਾਖੰਡ, ਤ੍ਰਿਪੁਰਾ ਅਤੇ ਗੁਜਰਾਤ ਵਿੱਚ ਵੀ ਅਜਿਹਾ ਹੀ ਪ੍ਰਯੋਗ ਕੀਤਾ ਸੀ।