ਅਯੋਧਿਆ 'ਤੇ ਫੈਸਲੇ ਤੋਂ ਪਹਿਲਾਂ ਬੀਜੇਪੀ ਵੱਲੋਂ ਹਦਾਇਤਾਂ ਜਾਰੀ, ਵਰਕਰਾਂ ਨੂੰ ਖ਼ਾਸ ਸਲਾਹ
ਸੁਪਰੀਮ ਕੋਰਟ ਵੱਲੋਂ ਰਾਮ ਮੰਦਰ ਬਾਰੇ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਬੀਜੇਪੀ ਨੇ ਆਪਣੇ ਵਰਕਰਾਂ ਲਈ ਸਲਾਹ ਜਾਰੀ ਕੀਤੀ ਹੈ। ਪਾਰਟੀ ਨੇ ਵਰਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਫੈਸਲੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਆਵਾਜ਼ ਬੁਲੰਦ ਨਾ ਕਰਨ। ਨਾ ਹੀ ਵਟਸਐਪ 'ਤੇ ਮੈਸੇਜ ਫਾਰਵਰਡ ਕਰਨ ਤੇ ਨਾ ਹੀ ਸਪੱਸ਼ਟ ਤੌਰ 'ਤੇ ਕੋਈ ਟਵੀਟ ਕਰਨ।
ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਰਾਮ ਮੰਦਰ ਬਾਰੇ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਬੀਜੇਪੀ ਨੇ ਆਪਣੇ ਵਰਕਰਾਂ ਲਈ ਸਲਾਹ ਜਾਰੀ ਕੀਤੀ ਹੈ। ਪਾਰਟੀ ਨੇ ਵਰਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਫੈਸਲੇ ਤੋਂ ਪਹਿਲਾਂ ਜਾਂ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਆਵਾਜ਼ ਬੁਲੰਦ ਨਾ ਕਰਨ। ਨਾ ਹੀ ਵਟਸਐਪ 'ਤੇ ਮੈਸੇਜ ਫਾਰਵਰਡ ਕਰਨ ਤੇ ਨਾ ਹੀ ਸਪੱਸ਼ਟ ਤੌਰ 'ਤੇ ਕੋਈ ਟਵੀਟ ਕਰਨ। ਬੀਜੇਪੀ ਹੈੱਡਕੁਆਰਟਰ ਵੱਲੋਂ ਸੂਬਿਆਂ ਦੇ ਆਈਟੀ ਸੈੱਲ ਨੂੰ ਵੀ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਬੀਜੇਪੀ ਦੇ ਸੂਤਰ ਦੱਸਦੇ ਹਨ ਕਿ ਇਹ ਮਾਮਲਾ ਸੰਵੇਦਨਸ਼ੀਲ ਹੈ ਤੇ ਜੇਕਰ ਇਸ ਮੁੱਦੇ ‘ਤੇ ਅਮਨ ਕਾਨੂੰਨ ਨੂੰ ਲੈ ਕੇ ਕੋਈ ਚੁਣੌਤੀ ਖੜ੍ਹੀ ਹੁੰਦੀ ਹੈ ਤਾਂ ਕੇਂਦਰ ਤੇ ਸੂਬੇ ਵਿੱਚ ਪਾਰਟੀ ਦੀ ਸਰਕਾਰ ਹੋਣ ਕਰਕੇ ਜਵਾਬਦੇਹੀ, ਉਸੇ ਦੀ ਹੋਵੇਗੀ। ਇਹ ਗੱਲ ਸੋਮਵਾਰ ਨੂੰ ਬੀਜੇਪੀ ਹੈੱਡਕੁਆਰਟਰ ਵਿੱਚ ਸੋਸ਼ਲ ਮੀਡੀਆ ਟੀਮ ਨਾਲ ਜੁੜੇ ਬੁਲਾਰਿਆਂ ਤੇ ਪ੍ਰਮੁੱਖ ਲੋਕਾਂ ਦੀ ਮੀਟਿੰਗ ਦੌਰਾਨ ਕਹੀ ਗਈ।
ਇਸ ਬੈਠਕ ਵਿਚ ਪਾਰਟੀ ਲੀਡਰਸ਼ਿਪ ਦੇ ਹਵਾਲੇ ਨਾਲ ਕਿਹਾ ਗਿਆ ਕਿ ਬੁਲਾਰੇ ਬਿਆਨ ਦਿੰਦੇ ਹੋਏ ਸੰਜਮ ਵਰਤਣ। ਇਹ ਕਿਹਾ ਗਿਆ ਸੀ ਕਿ ਬੁਲਾਰਿਆਂ ਨੂੰ ਟੀਵੀ ਬਹਿਸਾਂ ਜਾਂ ਜਨਤਕ ਤੌਰ 'ਤੇ ਅਜਿਹੀ ਕੋਈ ਗੱਲ ਨਹੀਂ ਬੋਲਣੀ ਚਾਹੀਦੀ, ਜਿਸ ਨਾਲ ਭਾਵਨਾਵਾਂ ਭੜਕਣ।
ਦੱਸ ਦੇਈਏ ਰਾਮ ਮੰਦਰ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ 17 ਨਵੰਬਰ ਤੋਂ ਪਹਿਲਾਂ ਫ਼ੈਸਲਾ ਹੋਣ ਦੀ ਸੰਭਾਵਨਾ ਹੈ। ਸੱਤਾਧਾਰੀ ਪਾਰਟੀ ਚਾਹੁੰਦੀ ਹੈ ਕਿ ਨੇਤਾ ਤੇ ਬੁਲਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਤੇ ਜਨਤਕ ਸਮਾਗਮਾਂ ਦੌਰਾਨ ‘ਪਾਰਟੀ ਲਾਈਨ’ ਦਾ ਪੂਰਾ ਧਿਆਨ ਰੱਖਣ।