ਮੀਂਹ ਕਾਰਨ ਸੜਕਾਂ ਬਣੀਆਂ ਨਦੀਆਂ, ਕਿਸ਼ਤੀ ਚਲਾ ਬੋਲੇ ਬੀਜੇਪੀ ਨੇਤਾ, ਕੇਜਰੀਵਾਲ ਜੀ ਮੌਜ ਕਰਾ ’ਤੀ
ਦਿੱਲੀ ਵਿੱਚ ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ। ਸਨਿੱਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਪਿਆ।
ਨਵੀਂ ਦਿੱਲੀ: ਲਗਾਤਾਰ ਪੈ ਰਹੇ ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ਪਾਣੀ ਨਾਲ ਭਰੀਆਂ ਦਿਖਾਈ ਦੇ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਬੱਦਲਾਂ ਦੇ ਵਿਚਕਾਰ ਪਾਣੀ ਵਿੱਚ ਇੱਕ ਰਾਫਟਿੰਗ ਕਿਸ਼ਤੀ ਨਾਲ ਦਿਖਾਈ ਦਿੱਤੇ।
ਉਨ੍ਹਾਂ ਨੇ ਦਿੱਲੀ ਦੇ ਮੌਜੂਦਾ ਹਾਲਾਤ ਲਈ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹੋਏ ਵਿਅੰਗਾਤਮਕ ਲਹਿਜੇ ਵਿੱਚ ਇੱਕ ਵੀਡੀਓ ਬਣਾਇਆ। ਹੁਣ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ।
ਵੀਡੀਓ ਵਿੱਚ ਤੇਜਿੰਦਰ ਪਾਲ ਸਿੰਘ ਬੱਗਾ ਰਾਫਟਿੰਗ ਕਿਸ਼ਤੀ ’ਤੇ ਸਵਾਰ ਦਿਖਾਈ ਦੇ ਰਹੇ ਹਨ। ਲੋਕ ਉਨ੍ਹਾਂ ਦੀ ਕਿਸ਼ਤੀ ਦੇ ਇੱਕ ਪਾਸੇ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਦੂਜੇ ਪਾਸੇ ਪਾਣੀ ਵਿੱਚੋਂ ਲੰਘਦੇ ਵਾਹਨ ਵੇਖੇ ਜਾ ਰਹੇ ਹਨ।
ਕਿਸ਼ਤੀ 'ਤੇ ਸਵਾਰ ਤੇਜਿੰਦਰ ਸਿੰਘ ਬੱਗਾ ਨੇ ਕਿਹਾ ਕਿ ਇਸ ਮੌਸਮ ਵਿੱਚ ਮੈਂ ਰਿਸ਼ੀਕੇਸ਼ ਵਿੱਚ ਜਾ ਕੇ ਰਾਫਟਿੰਗ ਕਰਨੀ ਚਾਹੁੰਦਾ ਸੀ ਪਰ ਕੋਰੋਨਾ ਦੇ ਵਧ ਰਹੇ ਮਾਮਲਿਆਂ ਅਤੇ ਲੌਕਡਾਊਨ ਕਾਰਨ ਮੈਂ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਦਿੱਲੀ ਦੇ ਹਰ ਕੋਨੇ ਵਿੱਚ ਰਾਫਟਿੰਗ ਲਈ ਪ੍ਰਬੰਧ ਕਰਵਾ ਦਿੱਤਾ।
ਤੇਜਿੰਦਰ ਸਿੰਘ ਬੱਗਾ ਅਨੁਸਾਰ, ਮੈਂ ਕੇਜਰੀਵਾਲ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਉਹ ਹਰ ਗੱਲ ਉੱਤੇ ਬੋਰਡ ਲਾਉਂਦੇ ਹਨ, ਉਨ੍ਹਾਂ ਨੂੰ ਹੁਣ ਦਿੱਲੀ ਵਿੱਚ ਇਸ ਦੇ ਬੋਰਡ ਵੀ ਲਗਾਉਣੇ ਚਾਹੀਦੇ ਹਨ। ਅੰਤ ਵਿੱਚ, ਉਨ੍ਹਾਂ ਕਿਹਾ, ਕੇਜਰੀਵਾਲ ਜੀ, ਮੌਜ ਕਰਵਾ ਦਿੱਤੀ।
केजरीवाल जी मौज करदी pic.twitter.com/fn3zCWwhgF
— Tajinder Pal Singh Bagga (@TajinderBagga) September 11, 2021
ਦਿੱਲੀ ਵਿੱਚ ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ। ਸਨਿੱਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਭਾਰੀ ਮੀਂਹ ਪਿਆ। ਕਈ ਘੰਟਿਆਂ ਦੀ ਲਗਾਤਾਰ ਬਾਰਿਸ਼ ਤੋਂ ਬਾਅਦ, ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਇਸ ਨੇ ਪੂਰੇ ਸ਼ਹਿਰ ਦੀ ਸਮੁੱਚੀ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ। ਇੱਥੋਂ ਤੱਕ ਕਿ ਹਵਾਈ ਅੱਡੇ ਵਿੱਚ ਵੀ ਪਾਣੀ ਭਰਿਆ ਵੇਖਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਾ ਗਾਂਧੀ ਟਰਮੀਨਲ 'ਤੇ ਜਹਾਜ਼ ਦੇ ਰਨਵੇਅ ਤੋਂ ਬਹੁਤ ਸਾਰਾ ਹਿੱਸਾ ਪਾਣੀ ’ਚ ਡੁੱਬਿਆ ਹੋਇਆ ਵੇਖਿਆ ਗਿਆ।
46 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ
ਭਾਰਤੀ ਮੌਸਮ ਵਿਭਾਗ ਅਨੁਸਾਰ, ਦਿੱਲੀ ਵਿੱਚ ਇਸ ਸਾਲ ਹੁਣ ਤੱਕ ਸਭ ਤੋਂ ਅਸਾਧਾਰਨ ਮਾਨਸੂਨ ਸੀਜ਼ਨ ਵਿੱਚ 1,100 ਮਿਲੀਮੀਟਰ ਮੀਂਹ ਪਿਆ, ਜੋ ਕਿ 46 ਸਾਲਾਂ ਵਿੱਚ ਸਭ ਤੋਂ ਵੱਧ ਹੈ ਅਤੇ ਪਿਛਲੇ ਸਾਲ ਦਰਜ ਕੀਤੀ ਗਈ ਬਾਰਿਸ਼ ਨਾਲੋਂ ਲਗਭਗ ਦੁੱਗਣਾ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਵਿੱਚ 2003 ਵਿੱਚ 1,050 ਮਿਲੀਮੀਟਰ ਬਾਰਿਸ਼ ਹੋਈ ਸੀ। 2011, 2012, 2013, 2014 ਅਤੇ 2015 ਵਿੱਚ ਦਿੱਲੀ ਵਿੱਚ ਮਾਨਸੂਨ ਸੀਜ਼ਨ ਦੌਰਾਨ ਕ੍ਰਮਵਾਰ 636 ਮਿਲੀਮੀਟਰ, 544 ਮਿਲੀਮੀਟਰ, 876 ਮਿਲੀਮੀਟਰ, 370.8 ਮਿਲੀਮੀਟਰ ਅਤੇ 505.5 ਮਿਲੀਮੀਟਰ ਬਾਰਸ਼ ਹੋਈ।
ਇਸ ਸਾਲ ਸਤੰਬਰ ਵਿੱਚ ਬਾਰਿਸ਼ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਘੱਟ ਰਹੀ। ਪਿਛਲੇ ਸਾਲ ਸਤੰਬਰ ਵਿੱਚ ਸ਼ਹਿਰ ’ਚ 20.9 ਮਿਲੀਮੀਟਰ ਮੀਂਹ ਪਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਲਗਾਤਾਰ ਦੋ ਦਿਨਾਂ ਤੱਕ ਦਿੱਲੀ ਵਿੱਚ 100 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। 1 ਸਤੰਬਰ ਨੂੰ 112.1 ਮਿਲੀਮੀਟਰ ਅਤੇ 2 ਸਤੰਬਰ ਨੂੰ 117.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਸ਼ਹਿਰ ਵਿੱਚ ਸਨਿੱਚਰਵਾਰ ਨੂੰ 94.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।