Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Farmers Protest: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਪੰਜਾਬ ਦੇ ਬਾਰਡਰ ਬੰਦ ਕੀਤੇ ਹੋਏ ਹਨ।
Farmers Protest: ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਪੰਜਾਬ ਦੇ ਬਾਰਡਰ ਬੰਦ ਕੀਤੇ ਹੋਏ ਹਨ। ਪੰਜਾਬ ਦੀ ਹੱਦ ਅੰਦਰ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਹੋਇਆਂ ਅਸਲੀ ਗੱਲ 'ਤੇ ਚੁੱਪ ਹਨ। ਉਨ੍ਹਾਂ ਨੇ ਪੁਰਾਣੀ ਵੀਡੀਓ ਸ਼ੇਅਰ ਕਰਕੇ ਆਮ ਆਦਮੀ ਪਾਰਟੀ ਨੂੰ MSP ਦੇਣ ਦਾ ਵਾਅਦਾ ਵੀ ਯਾਦ ਕਰਵਾਇਆ।
ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਕਿ...2021 ਵਿੱਚ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ, ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ। ਵਿਧਾਨ ਸਭਾ ਵਿੱਚ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ, ਦਿੱਲੀ ਜਾ ਕੇ ਕੇਂਦਰ ਖਿਲਾਫ ਪ੍ਰਦਰਸ਼ਨ ਕਰਨਾ ਤੇ ਇਹ ਯਕੀਨੀ ਬਣਾਇਆ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ। ਇਸ ਦੇ ਉਲਟ ਆਮ ਆਦਮੀ ਪਾਰਟੀ ਨੇ ਕਿਸਾਨ ਅੰਦੋਲਨ ਵਿੱਚੋਂ ਸਿਰਫ਼ ਸਿਆਸੀ ਫਾਇਦਾ ਲੈਣ ਨੂੰ ਤਰਜੀਹ ਦਿੱਤੀ। ਭਾਜਪਾ ਨਾਲੋਂ ਜ਼ਿਆਦਾ ਕਾਂਗਰਸ ਦਾ ਵਿਰੋਧ ਕੀਤਾ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਚੋਣ ਵਾਅਦਾ ਕਰਦਿਆਂ ਪੰਜਾਬ ਵਿੱਚ 22 ਫਸਲਾਂ 'ਤੇ MSP ਦੇਣ ਦਾ ਵਾਅਦਾ ਕੀਤਾ ਸੀ। ਹੁਣ ਪਿਛਲੇ 10 ਮਹੀਨਿਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਆਮ ਆਦਮੀ ਪਾਰਟੀ, ਅੰਦੋਲਨ ਲਈ ਉਸਾਰੂ ਕਦਮ ਚੁੱਕਣ ਦੀ ਬਜਾਏ ਦਿੱਲੀ ਚੋਣਾਂ ਲਈ ਇਸ ਮੁੱਦੇ ਨੂੰ ਵਰਤਣ ਦੀ ਤਿਆਰੀ ਕਰ ਰਹੀ ਹੈ। ਹਰਿਆਣਾ ਨੇ ਪੰਜਾਬ ਦੇ ਬਾਰਡਰ ਬੰਦ ਕੀਤੇ ਹੋਏ ਹਨ, ਪੰਜਾਬ ਦੀ ਹੱਦ ਅੰਦਰ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਹੋਇਆਂ ਅਸਲੀ ਗੱਲ 'ਤੇ ਚੁੱਪ ਹਨ! #FarmersProtest2024
ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਉਪਰ ਉਠਾਏ ਸਵਾਲ
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਖੋਲ੍ਹਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਇਲਾਜ ਲਈ ਜਬਰੀ ਭਰਤੀ ਕਰਾਏ ਜਾਣ ਤੋਂ ਇਨਕਾਰ ਕਰਦਿਆਂ ਕੇਂਦਰ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਲਈ ਕਿਹਾ ਹੈ। ਸੀਐਮ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਜ਼ਿਦ ਛੱਡ ਕੇ ਅੰਨਦਾਤੇ ਦੀ ਸਾਰ ਲੈਣ ਤੇ ਗੱਲਬਾਤ ਕਰਨ ਤੋਂ ਭੱਜਣ ਦੀ ਥਾਂ ਸੰਵਾਦ ਲਈ ਪਹਿਲ ਕਰਨ। ਉਨ੍ਹਾਂ ਕਿਹਾ, ‘‘ਭਾਜਪਾ ਮਾਮਲਾ ਨਜਿੱਠਣ ਦੀ ਥਾਂ ’ਤੇ ਸਿਆਸਤ ਖੇਡ ਰਹੀ ਹੈ ਕਿਉਂਕਿ ਦਿੱਲੀ ਚੋਣਾਂ ਸਿਰ ’ਤੇ ਹਨ। ਸਾਡੇ ਲਈ ਸੁਪਰੀਮ ਕੋਰਟ ਦਾ ਫ਼ੈਸਲਾ ਸਿਰ-ਮੱਥੇ ’ਤੇ ਹੈ। ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਫ਼ਿਕਰਮੰਦ ਵੀ ਹਾਂ ਪ੍ਰੰਤੂ ਸੂਬਾ ਸਰਕਾਰ ਅਜਿਹਾ ਕੋਈ ਕਦਮ ਨਹੀਂ ਚੁੱਕੇਗੀ ਜਿਸ ਨਾਲ ਪੰਜਾਬੀ ਭਰਾ (ਕਿਸਾਨ ਤੇ ਪੁਲੀਸ) ਆਪਸ ’ਚ ਹੀ ਉਲਝ ਪੈਣ।’’
ਮੁੱਖ ਮੰਤਰੀ ਨੇ ਵੀਰਵਾਰ ਨੂੰ ਉਚੇਚੇ ਤੌਰ ’ਤੇ ਸੱਦੀ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਕੇਂਦਰ ਸਰਕਾਰ ਨੇ ਫਰਵਰੀ 2023 ਵਿਚ ਗੱਲਬਾਤ ਸ਼ੁਰੂ ਕਰਕੇ ਮੁੜ ਸੰਵਾਦ ਦਾ ਰਾਹ ਬੰਦ ਕਰ ਦਿੱਤਾ ਹੈ। ਉਹ ਤਾਂ ਖ਼ੁਦ ਕਿਸਾਨਾਂ ਤੇ ਕੇਂਦਰ ਦਰਮਿਆਨ ਪੁੱਲ ਦਾ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਚਾਹੁੰਦਾ ਹੈ ਕਿ ਡੱਲੇਵਾਲ ਨੂੰ ਇਲਾਜ ਲਈ ਜਬਰੀ ਚੁੱਕ ਲਈਏ ਤੇ ਪੰਜਾਬੀਆਂ ਨੂੰ ਆਪਸ ਵਿੱਚ ਭਿੜਨ ਦਿੱਤਾ ਜਾਵੇ ਜਦਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ ਤੇ ਕੋਈ ਤਣਾਅ ਵੀ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 1947 ਤੋਂ ਲੈ ਕੇ ਹੁਣ ਤੱਕ ਬਹੁਤ ਭੁਗਤ ਚੁੱਕਾ ਹੈ ਤੇ ਬਹੁਤ ਖ਼ੂਨ ਵਹਿ ਚੁੱਕਾ ਹੈ ਪਰ ਉਹ ਇਸ ਧਰਤੀ ’ਤੇ ਹੁਣ ਗੜਬੜ ਨਹੀਂ ਹੋਣ ਦੇਣਗੇ।
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਫਰਵਰੀ ਮਹੀਨੇ ਤੋਂ ਹੀ ਕਿਸਾਨੀ ਮੋਰਚੇ ਚੱਲ ਰਹੇ ਨੇ। ਕਿਸਾਨਾਂ ਦੀਆਂ ਓਹੀ ਮੰਗਾਂ ਨੇ ਜਿਸ ਬਾਬਤ 26 ਸੈਕਟਰ ਵਿਖੇ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਯੂਸ਼ ਗੋਇਲ ਜੀ ਅਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਨਾਲ ਲਗਾਤਾਰ 8-8 ਘੰਟੇ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ ਸੀ। ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ… pic.twitter.com/3kmGfSQXK1
— Bhagwant Mann (@BhagwantMann) January 2, 2025
ਉਨ੍ਹਾਂ ਦੱਸਿਆ ਕਿ ਕੇਂਦਰ ਡੱਲੇਵਾਲ ਨੂੰ ਚੁੱਕਣ ਵਾਸਤੇ ਏਅਰ ਐਂਬੂਲੈਂਸ ਤੇ ਕੇਂਦਰੀ ਬਲ ਭੇਜਣ ਦੀ ਗੱਲ ਤਾਂ ਕਰ ਰਿਹਾ ਹੈ ਪਰ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਤੋਂ ਭੱਜ ਰਿਹਾ ਹੈ ਜਦੋਂਕਿ ਵੱਡੇ-ਵੱਡੇ ਮਸਲਿਆਂ ਦਾ ਹੱਲ ਵੀ ਸੰਵਾਦ ਨਾਲ ਹੀ ਨਿਕਲਦਾ ਹੈ। ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਉਥੋਂ ਦੀ ਸਰਕਾਰ ਤਾਂ ਕਿਸਾਨਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰ ਰਹੀ ਹੈ ਅਤੇ ਅੱਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਕੇਂਦਰ ਨਾਲ ਸਬੰਧਤ ਹਨ ਤੇ ਕਿਸਾਨਾਂ ਨੂੰ ਸ਼ੰਭੂ-ਖਨੌਰੀ ਸੀਮਾ ’ਤੇ ਹਰਿਆਣਾ ਸਰਕਾਰ ਰੋਕ ਰਹੀ ਹੈ ਜਿਸ ’ਚ ਪੰਜਾਬ ਸਰਕਾਰ ਦੀ ਭੂਮਿਕਾ ਕਿਧਰੇ ਵੀ ਨਹੀਂ ਹੈ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੇ ਕਦਮ ਨਾ ਚੁੱਕਣ ਜਿਸ ਨਾਲ ਲੋਕ ਤੰਗ-ਪ੍ਰੇਸ਼ਾਨ ਹੋਣ। ਉਨ੍ਹਾਂ ਕਿਹਾ ਕਿ ‘ਪੰਜਾਬ ਬੰਦ’ ਨਾਲ ਸੂਬਾ ਸਰਕਾਰ ਨੂੰ ਸੌ ਕਰੋੜ ਰੁਪਏ ਦਾ ਘਾਟਾ ਪਿਆ ਹੈ ਜਦੋਂ ਕਿ ਸਾਰੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ। ਭਗਵੰਤ ਮਾਨ ਨੇ ਦੱਸਿਆ ਕਿ ‘ਆਪ’ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਦੀ ਹਮਾਇਤ ਵਿਚ ਸੰਸਦ ਵਿਚ ਆਵਾਜ਼ ਬੁਲੰਦ ਕੀਤੀ ਹੈ ਅਤੇ ਉਹ ਵੀ ਖ਼ੁਦ ਕੇਂਦਰ ਸਰਕਾਰ ਨਾਲ ਵਾਰ-ਵਾਰ ਰਾਬਤਾ ਕਰਕੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਣ ਵਾਸਤੇ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਕਿਸਾਨਾਂ ਨੂੰ ਗੰਨੇ ਦਾ ਭਾਅ ਦੇਸ਼ ਭਰ ’ਚੋਂ ਵੱਧ ਦਿੱਤਾ ਜਾ ਰਿਹਾ ਹੈ ਤੇ ਬਿਜਲੀ ਸਪਲਾਈ ਤੇ ਨਹਿਰੀ ਪਾਣੀ ਦੇਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।