(Source: ECI/ABP News/ABP Majha)
ਚੰਦਾ ਇਕੱਠਾ ਕਰਨ 'ਚ ਭਾਜਪਾ ਨੰਬਰ-1, ਇੱਕ ਸਾਲ 'ਚ 477 ਕਰੋੜ ਕੀਤੇ ਇਕੱਠੇ, ਹੋਰ ਪਾਰਟੀਆਂ ਦਾ ਜਾਣੋ ਹਾਲ, ਕਿੰਨੀ ਕਮਾਈ?
ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਫੰਡ ਇਕੱਠਾ ਕਰਨ 'ਚ ਸਭ ਤੋਂ ਅੱਗੇ ਹੈ। ਉਸ ਨੇ 4800 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕ ਸਾਲ 'ਚ 400 ਕਰੋੜ ਤੋਂ ਜ਼ਿਆਦਾ ਦਾ ਚੰਦਾ
ਨਵੀਂ ਦਿੱਲੀ : ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਫੰਡ ਇਕੱਠਾ ਕਰਨ 'ਚ ਸਭ ਤੋਂ ਅੱਗੇ ਹੈ। ਉਸ ਨੇ 4800 ਕਰੋੜ ਤੋਂ ਵੱਧ ਦੇ ਫੰਡਾਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਕ ਸਾਲ 'ਚ 400 ਕਰੋੜ ਤੋਂ ਜ਼ਿਆਦਾ ਦਾ ਚੰਦਾ ਮਿਲਦਾ ਹੈ। ਵਿੱਤੀ ਸਾਲ 2020-21 'ਚ ਭਾਜਪਾ ਨੂੰ 477.5 ਕਰੋੜ ਰੁਪਏ ਚੰਦੇ ਵਜੋਂ ਮਿਲੇ ਹਨ, ਜਦਕਿ ਵਿਰੋਧੀ ਕਾਂਗਰਸ ਨੂੰ 74.50 ਕਰੋੜ ਰੁਪਏ ਚੰਦੇ ਵਜੋਂ ਮਿਲੇ ਹਨ।
ਭਾਜਪਾ ਸਭ ਤੋਂ ਅਮੀਰ ਪਾਰਟੀ
ਇਹ ਖੁਲਾਸਾ ਭਾਰਤੀ ਚੋਣ ਕਮਿਸ਼ਨ ਨੇ ਕੀਤਾ ਹੈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੇ ਚੰਦੇ ਨਾਲ ਸਬੰਧਤ ਰਿਪੋਰਟ ਜਨਤਕ ਕਰ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਭਾਜਪਾ ਨੂੰ ਵੱਖ-ਵੱਖ ਇਕਾਈਆਂ, ਚੋਣ ਟਰੱਸਟਾਂ ਤੇ ਵਿਅਕਤੀਆਂ ਤੋਂ 4,77,54,50,077 ਰੁਪਏ ਦਾ ਚੰਦਾ ਮਿਲਿਆ ਹੈ। ਇਸ ਸਬੰਧ 'ਚ ਭਾਜਪਾ ਵੱਲੋਂ ਵਿੱਤੀ ਸਾਲ 2020-21 'ਚ ਮਿਲੇ ਚੰਦੇ ਦੀ ਰਿਪੋਰਟ 14 ਮਾਰਚ ਨੂੰ ਕਮਿਸ਼ਨ ਨੂੰ ਸੌਂਪੀ ਗਈ ਸੀ।
ਕਾਂਗਰਸ ਮੁਕਾਬਲੇ 'ਚ ਨਹੀਂ ਰਹੀ
ਫੰਡ ਜੁਟਾਉਣ ਤੋਂ ਇਲਾਵਾ ਜਾਇਦਾਦ ਦੇ ਮਾਮਲੇ 'ਚ ਵੀ ਭਾਜਪਾ ਦੇਸ਼ ਦੀਆਂ ਬਾਕੀ ਸਾਰੀਆਂ ਪਾਰਟੀਆਂ 'ਤੇ ਭਾਰੀ ਹੈ। ਦੱਸਿਆ ਗਿਆ ਹੈ ਕਿ ਭਾਜਪਾ ਕੋਲ 2019-20 'ਚ 4,847 ਕਰੋੜ ਰੁਪਏ ਦੀ ਜਾਇਦਾਦ ਸੀ। ਇਸ ਦੇ ਨਾਲ ਹੀ ਹੁਣ 2022 ਚੱਲ ਰਿਹਾ ਹੈ ਅਤੇ ਜੇਕਰ ਹਜ਼ਾਰ-ਹਜ਼ਾਰ ਕਰੋੜ ਰੁਪਏ ਦਾ ਵਾਧਾ ਮੰਨਿਆ ਜਾਵੇ ਤਾਂ ਇਹ 6 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਣਦਾ ਹੈ। ਜਿਨ੍ਹਾਂ ਸੂਬਿਆਂ 'ਚ 2022 ਤੋਂ ਪਹਿਲਾਂ ਵੀ ਭਾਜਪਾ ਸੱਤਾ 'ਚ ਸੀ, ਇਸ ਸਾਲ ਹੋਈਆਂ ਚੋਣਾਂ ਵਿੱਚ ਸੱਤਾ 'ਚ ਵਾਪਸੀ ਹੋਈ।
ਕਾਂਗਰਸ ਨੇ ਕਿਹਾ - ਸਾਨੂੰ 74 ਕਰੋੜ ਰੁਪਏ ਮਿਲੇ
ਚੋਣ ਕਮਿਸ਼ਨ ਨੇ 2020-21 'ਚ ਮਿਲੇ ਚੰਦੇ ਦੀ ਰਿਪੋਰਟ ਨੂੰ ਜਨਤਕ ਕਰਦੇ ਹੋਏ ਕਾਂਗਰਸ ਤੇ ਹੋਰ ਪਾਰਟੀਆਂ ਬਾਰੇ ਵੀ ਜਾਣਕਾਰੀ ਦਿੱਤੀ। ਦੱਸਿਆ ਗਿਆ ਹੈ ਕਿ ਕਾਂਗਰਸ ਨੂੰ ਇੱਕ ਸਾਲ 'ਚ 74 ਕਰੋੜ ਰੁਪਏ ਚੰਦੇ 'ਚ ਮਿਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲ 2019-20 'ਚ 588 ਕਰੋੜ ਰੁਪਏ ਦੀ ਜਾਇਦਾਦ ਸੀ। ਕਾਂਗਰਸ ਵੱਲੋਂ ਦਿੱਤੇ ਹਲਫ਼ਨਾਮੇ 'ਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਉਸ ਨੂੰ ਵੱਖ-ਵੱਖ ਇਕਾਈਆਂ ਅਤੇ ਵਿਅਕਤੀਆਂ ਤੋਂ 74,50,49,731 ਰੁਪਏ ਦਾ ਚੰਦਾ ਮਿਲਿਆ ਹੈ।
ਜਾਇਦਾਦ ਦੇ ਮਾਮਲੇ 'ਚ ਬਸਪਾ ਦੂਜੇ ਨੰਬਰ 'ਤੇ
ਕਾਂਗਰਸ ਤੋਂ ਬਾਅਦ ਸਪਾ-ਬਸਪਾ ਅਤੇ ਦੱਖਣ ਭਾਰਤੀ ਪਾਰਟੀਆਂ ਦਾ ਨੰਬਰ ਆਉਂਦਾ ਹੈ। ਇਸ ਦੇ ਨਾਲ ਹੀ ਜਦੋਂ ਜਾਇਦਾਦ ਦੀ ਗੱਲ ਆਉਂਦੀ ਹੈ ਤਾਂ 2019-20 'ਚ ਵੀ ਭਾਜਪਾ ਪਹਿਲੇ, ਬਸਪਾ ਦੂਜੇ ਅਤੇ ਕਾਂਗਰਸ ਤੀਜੇ ਨੰਬਰ 'ਤੇ ਸੀ। ਚੋਣ ਐਕਟ ਦੇ ਉਪਬੰਧਾਂ ਅਨੁਸਾਰ ਰਾਜਨੀਤਿਕ ਪਾਰਟੀਆਂ ਨੂੰ 20,000 ਰੁਪਏ ਤੋਂ ਵੱਧ ਦੇ ਚੰਦੇ ਨਾਲ ਸਬੰਧਤ ਜਾਣਕਾਰੀ ਪ੍ਰਦਾਨ ਕਰਨੀ ਜ਼ਰੂਰੀ ਹੈ।
ਏਡੀਆਰ ਦੀ ਰਿਪੋਰਟ 'ਚ ਇੱਕ ਹੋਰ ਵੱਡਾ ਖੁਲਾਸਾ
ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਨੇ ਵੀ ਦਾਨ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਸੀ। ਭਾਜਪਾ, ਕਾਂਗਰਸ, ਸੀਪੀਆਈਐਮ, ਐਨਸੀਪੀ ਅਤੇ ਟੀਐਮਸੀ ਵਰਗੀਆਂ ਵੱਡੀਆਂ ਪਾਰਟੀਆਂ ਨੂੰ ਉਸ ਰਿਪੋਰਟ 'ਚ ਸ਼ਾਮਲ ਕੀਤਾ ਗਿਆ ਸੀ। ਉਦੋਂ ਦੱਸਿਆ ਗਿਆ - "ਭਾਜਪਾ ਨੂੰ 2025 ਕਾਰਪੋਰੇਟ-ਦਾਨੀਆਂ ਤੋਂ ਇੱਕ ਸਾਲ 'ਚ 720.407 ਕਰੋੜ ਰੁਪਏ ਮਿਲੇ। ਕਾਂਗਰਸ ਨੂੰ 133.04 ਕਰੋੜ ਚੰਦੇ ਮਿਲੇ। ਐਨਸੀਪੀ ਨੂੰ 57.086 ਕਰੋੜ ਰੁਪਏ ਚੰਦੇ 'ਚ ਮਿਲੇ।"